ਜਸਵੰਤ ਜੱਸ
ਫ਼ਰੀਦਕੋਟ, 15 ਜੁਲਾਈ
ਅੱਜ ਸਵੇਰੇ ਫ਼ਰੀਦਕੋਟ ਸ਼ਹਿਰ ਵਿੱਚ ਲੰਬੇ ਸਮੇਂ ਬਾਅਦ ਹੋਈ ਭਾਰੀ ਬਾਰਿਸ਼ ਕਾਰਨ ਇੱਥੋਂ ਦੇ ਹਰਿੰਦਰਾ ਨਗਰ ਵਿੱਚ ਪਸ਼ੂਆਂ ਦੇ ਇੱਕ ਵਰਾਂਡੇ ਦੀ ਛੱਤ ਡਿੱਗ ਪਈ ਜਿਸ ਵਿੱਚ 6 ਮੱਝਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਇਸ ਵਰਾਂਡੇ ਵਿੱਚ ਕੁੱਲ 12 ਮੱਝਾਂ ਬੰਨ੍ਹੀਆਂ ਹੋਈਆਂ ਸਨ। ਬੇਅੰਤ ਸਿੰਘ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਸਹਾਇਤਾ ਮੰਗੀ ਸੀ ਪ੍ਰੰਤੂ ਕੋਈ ਵੀ ਉਹਨਾਂ ਦੀ ਮੱਦਦ ਲਈ ਨਹੀਂ ਪੁੱਜਿਆ ਅਤੇ ਬਾਅਦ ਵਿੱਚ ਆਂਢ-ਗੁਆਂਢ ਦੀ ਮਦਦ ਨਾਲ ਪਸ਼ੂਆਂ ਨੂੰ ਮਲਬੇ ਵਿਚੋਂ ਕੱਢਿਆ ਗਿਆ। ਇਸ ਤੋਂ ਇਲਾਵਾ ਫ਼ਰੀਦਕੋਟ ਸ਼ਹਿਰ ਦੇ ਆਸ-ਪਾਸ ਬਾਰਸ਼ ਕਾਰਨ ਤਿੰਨ ਕਮਰਿਆਂ ਦੀਆਂ ਛੱਤਾਂ ਡਿੱਗਣ ਦੀ ਸੂਚਨਾ ਹੈ। ਹਾਲਾਂਕਿ ਕਿਸੇ ਵੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ਹਿਰ ਵਿੱਚ ਸੀਵਰੇਜ ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ ਹੋਈ ਪਹਿਲੀ ਬਾਰਿਸ਼ ਨੇ ਪਾਣੀ ਦੀ ਨਿਕਾਸੀ ਦੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸੀਵਰੇਜ ਪਾਈਪਾਂ ਰਾਹੀਂ ਬਾਰਸ਼ ਦੇ ਪਾਣੀ ਦੀ ਨਿਕਾਸੀ ਬਿਲਕੁਲ ਵੀ ਨਹੀਂ ਹੋ ਸਕੀ ਜਿਸ ਕਰਕੇ ਪੂਰੇ ਸ਼ਹਿਰ ’ਚ ਜਲ-ਥਲ ਹੋਇਆ ਰਿਹਾ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਾਰਿਸ਼ ਕਾਰਨ ਸੜਕਾਂ ਦੇ ਨਿਕਾਰਿਆਂ ਨੂੰ ਵੀ ਖੋਰੇ ਲੱਗੇ ਹਨ ਅਤੇ ਸੜਕਾਂ ਉੱਪਰ ਰੁੱਖ ਡਿੱਗਣ ਕਾਰਨ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਕਾਫ਼ੀ ਸਮਾਂ ਆਵਾਜਾਈ ਰੁਕੀ ਰਹੀ। ਹਾੜ੍ਹ ਦੇ ਮਹੀਨੇ ਦੌਰਾਨ ਫ਼ਰੀਦਕੋਟ ਵਿੱਚ ਇਹ ਪਹਿਲੀ ਬਾਰਸ਼ ਹੋਈ ਹੈ।