ਪ੍ਰਭੂ ਦਿਆਲ
ਸਿਰਸਾ, 2 ਅਗਸਤ
ਘੱਗਰ ਨਦੀ ’ਚ ਹੁਣ ਭਾਵੇਂ ਪਾਣੀ ਦਾ ਪੱਧਰ ਕੁਝ ਘੱਟ ਹੋਇਆ ਹੈ ਪਰ ਹੜ੍ਹ ਦਾ ਖ਼ਤਰਾ ਹਾਲੇ ਟਲਿਆ ਨਹੀਂ। ਬੰਨ੍ਹਾਂ ’ਚ ਚੂਹਿਆਂ ਦੀਆਂ ਖੁੱਡਾਂ ਕਾਰਨ ਕਈ ਛੋਟੇ ਬੰਨ੍ਹ ਟੁੱਟਣ ਕਾਰਨ ਕਈ ਖੇਤਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਘੱਗਰ ਦੇ ਮੁੱਖ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਤੇ ਕਿਸਾਨ ਠੀਕਰੀ ਪਹਿਰਾ ਲਾ ਰਹੇ ਹਨ। ਕਿਸਾਨਾਂ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜੇਸੀਬੀ ਤੋਂ ਇਲਾਵਾ ਖਾਲੀ ਬੋਰੀਆਂ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਧਰ ਕਿਸਾਨਾਂ ਨੇ ਦੱਸਿਆ ਹੈ ਕਿ ਘੱਗਰ ਨਦੀ ਦੇ ਨਾਲ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਕਈ ਥਾਵਾਂ ’ਤੇ ਬਣਾਏ ਗਏ ਆਰਜ਼ੀ ਬੰਨ੍ਹ ਟੁੱਟ ਗਏ ਹਨ। ਬੱਨ੍ਹਾਂ ਦੀ ਟੁੱਟਣ ਦਾ ਕਾਰਨ ਚੁਹਿਆਂ ਦੀਆਂ ਬੰਨ੍ਹਾਂ ’ਚ ਬਣੀਆਂ ਖੁੱਡਾਂ ਦੱਸਿਆ ਗਿਆ ਹੈ। ਕਈ ਥਾਵਾਂ ਤੋਂ ਬੰਨ੍ਹ ਟੁੱਟਣ ਕਾਰਨ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਗਿਆ ਹੈ।
ਕਿਸੇ ਸਰਕਾਰ ਨੇ ਘੱਗਰ ਦਾ ਸਹੀ ਹੱਲ ਨਾ ਕੀਤਾ
ਮਾਨਸਾ (ਜੋਗਿੰਦਰ ਸਿੰਘ ਮਾਨ): ਘੱਗਰ ਦਰਿਆ ਮਾਨਸਾ ਸਮੇਤ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਫ਼ਸਲਾਂ ਅਤੇ ਆਮ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰਦਾ ਆ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦਾ ਕੋਈ ਹੱਲ ਨਹੀਂ ਕੀਤਾ। ਇਸੇ ਤਰ੍ਹਾਂ ਦਰਿਆ ਵਿੱਚ ਆਮ ਦਿਨਾਂ ਦੌਰਾਨ ਫੈਕਟਰੀਆਂ ਦੇ ਸੁੱਟੇ ਜਾਂਦੇ ਲੂਣੇ ਪਾਣੀ ਕਾਰਨ ਲੋਕਾਂ ਲਈ ਕੈਂਸਰ ਸਮੇਤ ਕਾਲਾ ਪੀਲੀਆ ਅਤੇ ਹੋਰ ਅਨੇਕਾਂ ਬਿਮਾਰੀਆਂ ਨੂੰ ਲਗਾਤਾਰ ਜਨਮ ਦਿੰਦਾ ਆ ਰਿਹਾ ਹੈ, ਪਰ ਸੱਤਾਧਾਰੀਆਂ ਸਮੇਤ ਵਿਰੋਧੀ ਧਿਰਾਂ ਨੇ ਇਸ ਦੇ ਸੁਧਾਰ ਲਈ ਹਮੇਸ਼ਾ ਮੂੰਹ ਬੰਦ ਹੀ ਰੱਖੇ ਹਨ। ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਕੋਈ ਪੈਸਾ ਜਾਰੀ ਨਹੀਂ ਹੋਇਆ ਹੈ। ਬਠਿੰਡਾ ਲੋਕ ਸਭਾ ਹਲਕੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਇਸ ਖੇਤਰ ਦੇ ਸਿਰਕੱਢ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਪਿਛਲੇ ਲੰਬੇ ਸਮੇਂ ਤੋਂ ਘੱਗਰ ਦਰਿਆ ਰਾਹੀਂ ਹੁੰਦੇ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਠੀਕਰਾ ਇਕ-ਦੂਜੇ ਸਿਰ ਭੰਨਦੇ ਰਹੇ ਹਨ। ਘੱਗਰ ਦਰਿਆ ਅੱਜਕੱਲ੍ਹ ਸਾਉਣੀ ਦੇ ਸੀਜ਼ਨ ਵਿਚ ਪੰਜਾਬ ਵਿਚ ਜ਼ਿਆਦਾ ਮਾਰ ਕਰਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿਚ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੇੜੇ ਵੱਧ ਵਰਖਾ ਹੁੰਦੀ ਹੈ ਅਤੇ ਉਸੇ ਵਰਖਾ ਦਾ ਪਾਣੀ ਹੀ ਅੱਗੇ ਜਾ ਕੇ ਤਬਾਹੀ ਦਾ ਕਾਰਨ ਬਣਦਾ ਹੈ। ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਦਾ ਹਵਾਈ ਸਰਵੇਖਣ ਕਰਨ ਦੇ ਬਾਵਜੂਦ ਅਜੇ ਤੱਕ ਲੋਕਾਂ ਲਈ ਕੋਈ ਵਿਸ਼ੇਸ ਗ੍ਰਾਂਟਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲ ਨਹੀਂ ਪੁੱਜੀਆਂ ਹਨ।