ਪੱਤਰ ਪ੍ਰੇਰਕ
ਮਾਨਸਾ, 4 ਅਕਤੂਬਰ
ਮਾਲਵਾ ਖੇਤਰ ਵਿੱਚ ਇਸ ਵਾਰ ਅੱਸੂ ਮਹੀਨੇ ਪਏ ਬੇਮੁਹਾਰੇ ਮੀਂਹ ਅਤੇ ਉਸ ਤੋਂ ਪਹਿਲਾਂ ਗੁਲਾਬੀ ਸੁੰਡੀ-ਚਿੱਟੀ ਮੱਖੀ ਦੇ ਹਮਲੇ ਨੇ ਨਰਮਾ ਚੁਗਣ ਆਏ ਪਰਵਾਸੀ ਮਜ਼ਦੂਰਾਂ ਦੇ ਦਸਹਿਰੇ ਵਾਲੇ ਚਾਅ ਫਿੱਕੇ ਕਰ ਦਿੱਤੇ ਹਨ। ਗੁਲਾਬੀ ਸੁੰਡੀ ਨਰਮੇ ਨੂੰ ਵੀ ਖਾ ਗਈ ਅਤੇ ਮਜ਼ਦੂਰਾਂ ਦੇ ਨਰਮਾ ਚੁਗਣ ਵਾਲੇ ਚਾਅ ਵੀ ਮੰਧੋਲ ਕੇ ਰੱਖ ਦਿੱਤੇ ਹਨ। ਪਰਵਾਸੀ ਮਜ਼ਦੂਰ ਪਹਿਲਾਂ ਦਸਹਿਰੇ ਵਾਲੇ ਦਿਨ ਚਾਵਾਂ ਨਾਲ ਸਾਰਾ-ਸਾਰਾ ਦਿਨ ਨਰਮਾ ਚੁਗਦੇ ਸਨ, ਪਰ ਇਸ ਵਾਰ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਅਤੇ ਮੀਂਹ ਵੱਲੋਂ ਕੀਤੇ ਗਏ ਫ਼ਸਲਾਂ ਦੇ ਖਰਾਬੇ ਕਾਰਨ ਨਰਮੇ ਨਾਲ ਇਨ੍ਹਾਂ ਮਜ਼ਦੂਰ ਪਰਿਵਾਰਾਂ ਦੀ ਝੋਲੀ ਮਸਾਂ ਭਰਦੀ ਹੈ।
ਉਂਝ ਆਏ ਵਰ੍ਹੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਲਈ ਦਸਹਿਰੇ ਦੇ ਤਿਉਹਾਰ ਦੇ ਕੋਈ ਅਰਥ ਨਹੀਂ ਰਹਿ ਜਾਂਦੇ ਹਨ। ਉਹ ਸਿਰਫ਼ ਨਰਮੇ ਦੇ ਫੁੱਟ ਹੀ ਜਾਣਦੇ ਹਨ। ਉਨ੍ਹਾਂ ਨੂੰ ਬਦੀ ’ਤੇ ਨੇਕੀ ਦੀ ਜਿੱਤ ਵਿਚਲੇ ਮਾਮਲੇ ਦੀ ਮਰਿਆਦਾ ਦਾ ਨਹੀਂ ਪਤਾ ਹੈ। ਉਹ ਆਈ ਵਾਰ ਦਸਹਿਰੇ ਦਾ ਤਿਉਹਾਰ ਬਿਗਾਨੀ ਧਰਤੀ ’ਤੇ ਬੇਗਾਨੇ ਘਰਾਂ ਵਿੱਚ ਮਨਾਉਂਦੇ ਹਨ। ਇਸ ਵਾਰ ਭਾਵੇਂ ਕਿ ਮਾਲਵਾ ਪੱਟੀ ਵਿੱਚ ਅਜਿਹੇ ਪਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੈ, ਪਰ ਫਿਰ ਵੀ ਜਿਹੜੇ ਪਰਵਾਸੀ ਇਸ ਵਾਰ ਨਰਮਾ ਚੁਗਣ ਆਏ ਹਨ, ਉਨ੍ਹਾਂ ਨੇ ਇਸ ਵਾਰ ਦਾ ਇਹ ਤਿਉਹਾਰ ਕਿਸਾਨਾਂ ਦੇ ਖੇਤਾਂ ਵਿੱਚ ਹੀ ਮਨਾਉਣਾ ਹੈ। ਇੱਥੇ ਜ਼ਿਕਰਯੋਗ ਕਿ ਹਰ ਵਾਰ ਨਰਮੇ ਦੀ ਚੁਗਾਈ ਦੌਰਾਨ ਇਹ ਪਰਵਾਸੀ ਮਜ਼ਦੂਰ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ ’ਚੋਂ ਆ ਕੇ ਮਾਲਵਾ ਪੱਟੀ ਵਿੱਚ ਕਿਸਾਨਾਂ ਦੇ ਚਿੱਟੇ ਸੋਨੇ ਨੂੰ ਚੁਗਣ ਲਈ ਮਜ਼ਦੂਰੀ ਕਰਦੇ ਹਨ ਅਤੇ ਆਏ ਵਾਰ ਨਰਮੇ ਦੀ ਚੁਗਾਈ ਵੇਲੇ ਦਸਹਿਰੇ ਦਾ ਤਿਉਹਾਰ ਆਉਂਦਾ ਹੈ, ਜਿਸ ਕਾਰਨ ਇਹ ਪਰਵਾਸੀ ਮਜ਼ਦੂਰ ਪਰਿਵਾਰ ਇਸ ਤਿਉਹਾਰ ਨੂੰ ਮਨਾਉਣ ਲਈ ਆਪਣੇ ਘਰਾਂ ਨੂੰ ਨਹੀਂ ਜਾਂਦੇ ਹਨ।
ਮਾਲਵਾ ਪੱਟੀ ਵਿੱਚ ਭਾਵੇਂ ਕਿ ਪਹਿਲਾਂ ਵਾਂਗ ਹਰ ਪਿੰਡ ਵਿੱਚ ਅੱਜਕੱਲ੍ਹ ਨਰਮੇ ਨੂੰ ਚੁਗਣ ਲਈ ਬਹੁਤ ਸਾਰੇ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਆਏ ਹੋਏ ਹਨ। ਕੁਝ ਥਾਵਾਂ ’ਤੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਛੋਟੇ-ਛੋਟੇ ਬੱਚੇ ਪੜ੍ਹਾਈ ਛੱਡ ਕੇ ਆਪਣੇ ਮਾਪਿਆਂ ਨਾਲ ਨਰਮੇ ਦੀ ਚੁਗਾਈ ਵਿੱਚ ਹੱਥ ਵਟਾਉਣ ਲਈ ਪੁੱਜੇ ਹੋਏ ਹਨ। ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਇਨ੍ਹਾਂ ਗਰੀਬ ਘਰਾਂ ਦੇ ਬੱਚਿਆਂ ਨੂੰ ਪਿੱਛੇ ਸਾਂਭਣ ਵਾਲਾ ਕੋਈ ਰਹਿੰਦਾ। ਨਰਮਾ ਚੁਗਣ ਆਈ ਇਕ ਪਰਵਾਸੀ ਔਰਤ ਮੁੰਨੀ ਯਾਦਵ ਦਾ ਮੰਨਣਾ ਹੈ ਕਿ ਜੇਕਰ ਸੀਤਾ ਮਾਤਾ ਵਾਂਗ ਆਪਣੇ ਸਿਦਕ ’ਤੇ ਖੜ੍ਹ ਕੇ ਖੇਤਾਂ ਵਿੱਚ ਮਿਹਨਤ ਕੀਤੀ ਜਾਵੇ ਤਾਂ ਕੋਈ ਰਾਵਣ ਉਸ ਵੱਲ ਬੁਰੀ ਨਜ਼ਰ ਨਾਲ ਨਹੀਂ ਝਾਕ ਸਕਦਾ। ਉਸ ਦਾ ਪਤੀ ਕਈ ਸਾਲ ਪਹਿਲਾਂ ਨਰਮਾ ਚੁਗਣ ਆਇਆ ਸੀ ਤੇ ਇੱਥੇ ਹੀ ਪੂਰਾ ਹੋ ਗਿਆ ਸੀ। ਹੁਣ ਮੁੰਨੀ ਯਾਦਵ ਆਪਣੇ ਬੱਚਿਆਂ ਨੂੰ ਲੈ ਕੇ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਫੜਦੀ ਫਿਰਦੀ ਹੈ।