ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 27 ਸਤੰਬਰ
ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਦਿਨ-ਰਾਤ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਧਰਨੇ ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ 18 ਤੇ 19 ਅਗਸਤ ਨੂੰ ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਅਤੇ ਸ਼ਰਾਬ ਫੈਕਟਰੀ ਤੋਂ ਮਿੱਟੀ, ਪਾਣੀ ਅਤੇ ਸੁਆਹ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਲੈ ਕੇ ਪਹੁੰਚੇ। ਰਿਪੋਰਟ ਫੈਕਟਰੀ ਦੇ ਹੱਕ ਵਿੱਚ ਆਉਣ ਕਾਰਨ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਸੈਂਪਲਾਂ ਦੀ ਰਿਪੋਰਟ ਫੜਨ ਇਨਕਾਰ ਕਰ ਦਿੱਤਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ। ਇਸ ਸਮੇਂ ਮੋਰਚੇ ਦੇ ਆਗੂ ਗੁਰਮੇਲ ਸਿੰਘ ਸਰਪੰਚ ਮਨਸੂਰਵਾਲ ਕਲਾਂ, ਡਾ. ਹਰਿੰਦਰ ਸਿੰਘ ਸਾਧੂ ਵਾਲਾ, ਰੋਮਨ ਬਰਾੜ, ਕੁਲਵਿੰਦਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਚੌਹਾਨ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਸੰਘਰਸ਼ ਤੇਜ਼ ਕਰਨ ਲਈ ਮੋਰਚੇ ’ਤੇ 3 ਅਕਤੂਬਰ ਨੂੰ ਹੋਵੇਗਾ ਵੱਡਾ ਇਕੱਠ
ਆਗੂਆਂ ਨੇ ਦੋਸ਼ ਲਾਇਆ ਕਿ ਫੈਕਟਰੀ ਨੇੜਲੇ ਪਿੰਡਾਂ ਦੇ ਬੋਰਾਂ ਵਿੱਚੋਂ ਗੰਦਾ ਪਾਣੀ ਨਿਕਲਣ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨਜੀਟੀ ਨੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੇ ਕੇ ਕਾਰਪੋਰੇਟ ਘਰਾਣਿਆਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਦਸ ਦਿਨ ਵਿੱਚ ਆ ਜਾਣੀ ਚਾਹੀਦੀ ਸੀ ਜੋ 40 ਦਿਨ ਬਾਅਦ ਜਨਤਕ ਕੀਤੀ ਗਈ ਹੈ। ਪਿੰਡਾਂ ਦੇ ਲੋਕ ਪ੍ਰਸ਼ਾਸਨ ਦੀ ਲੋਕ ਵਿਰੋਧੀ ਸੁਰ ਤੋਂ ਅੱਕ ਚੁੱਕੇ ਹਨ, ਇਸ ਲਈ ਸੰਘਰਸ਼ ਨੂੰ ਤੇਜ਼ ਕਰਨ ਲਈ 3 ਅਕਤੂਬਰ ਨੂੰ ਪੰਜਾਬ ਭਰ ਵਿੱਚੋਂ ਮੋਰਚੇ ’ਤੇ ਵੱਡਾ ਇਕੱਠ ਕੀਤਾ ਜਾਵੇਗਾ।