ਨਿੱਜੀ ਪੱਤਰ ਪ੍ਰੇਰਕ
ਮਲੋਟ, 14 ਮਈ
ਸ਼ਹਿਰ ਦੀ ਅਰਬਾਂ ਰੁਪਏ ਦੀ ਮਾਲਕੀ ਵਾਲੀ ‘ਦਿ ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ’ ਦੀ ਚੋਣ ਸਬੰਧੀ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਪਿਛਲੀਆਂ ਸਾਰੀਆਂ ਪ੍ਰਮਪਰਾਵਾਂ ਤੋੜ ਕੇ ਉਕਤ ਸੰਸਥਾ ਦੀ ਚੋਣ ਲੋਕਤਾਂਤਰਿਕ ਤਰੀਕੇ ਨਾਲ ਕਰਵਾਏਗੀ। ਜ਼ਿਕਰਯੋਗ ਹੈ ਕਿ ਪ੍ਰਮਪਰਾ ਅਨੁਸਾਰ ਜਿਹੜੀ ਵੀ ਪਾਰਟੀ ਸੱਤਾ ਵਿੱਚ ਹੁੰਦੀ ਸੀ, ਉਹ ਆਪਣੀ ਪਾਰਟੀ ਦਾ ਹੀ ਚੇਅਰਮੈਨ ਐਲਾਨ ਦੀ ਸੀ। ਸ਼ਹਿਰ ਵਾਸੀ ਮੰਤਰੀ ਬਲਜੀਤ ਕੌਰ ਤੋਂ ਆਸਵੰਦ ਸਨ ਪਰ ਹੁਣ ਕਾਗਰਸ ’ਚੋਂ ਆਮ ਆਦਮੀ ਪਾਰਟੀ ’ਚ ਰਲੇ ਸਤਗੁਰੂ ਦੇਵ ਪੱਪੀ ਨਾਮ ਦੇ ਰਸੂਖਦਾਰ ਦੀ ਨੂੰਹ ਸਾਰਿਕਾ ਗਰਗ ਨੂੰ ‘ਆਪ’ ਦੇ ਸੀਨੀਅਰ ਆਗੂਆਂ ਵੱਲੋਂ ਬੀਤੀ ਰਾਤ ਉਕਤ ਸੰਸਥਾ ਦਾ ਚੇਅਰਮੈਨ ਐਲਾਨਿਆ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸ਼ਹਿਰ ਦੇ ਲੋਕ ਨਿਰਾਸ਼ ਹਨ। ਸ਼ਹਿਰ ਦੇ ਜਾਗਰੂਕ ਵਰਗ ਵੱਲੋਂ ਮੰਤਰੀ ਡਾ. ਬਲਜੀਤ ਕੌਰ ਨੂੰ ਇਸ ਮਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ।
ਕੀ ਕਹਿੰਦੇ ਨੇ ਕੈਬਨਿਟ ਮੰਤਰੀ ਬਲਜੀਤ ਕੌਰ
ਮੰਤਰੀ ਡਾ. ਬਲਜੀਤ ਕੌਰ ਦਾ ਕਹਿਣਾ ਸੀ ਕਿ ਇਹ ਚੋਣ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਵੋਟਿੰਗ ਪ੍ਰਕਿਰਿਆ ਪੂਰੀ ਨਾ ਹੋਣ ਕਰਕੇ ਫਿਲਹਾਲ ਕੰਮ ਚਲਾਉਣ ਲਈ ਆਰਜ਼ੀ ਕਮੇਟੀ ਬਣਾਈ ਗਈ ਹੈ, ਜਿਵੇਂ ਹੀ ਵੋਟਿੰਗ ਲਈ ਪ੍ਰਬੰਧ ਮੁਕੰਮਲ ਹੋਣਗੇ ਚੋਣ ਕਰਵਾਈ ਜਾਵੇਗੀ।