ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜੂਨ
ਕੋਵਿਡ-19 ਮਹਾਮਾਰੀ ਕਾਰਨ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਯੋਜਨ ਤਹਿਤ ਡਿੱਪੂ ਹੋਲਡਰਾਂ ਵੱਲੋਂ ਸਮਾਰਟ ਕਾਰਡ ਰਾਸ਼ਨ ਧਾਰਕਾਂ ਨੂੰ ਉੱਲੀ ਲੱਗੀ ਮਾਂਹ ਦੀ ਦਾਲ ਵੰਡੀ ਜਾ ਰਹੀ ਹੈ। ਇਸ ਦਾਲ ’ਚੋਂ ਬਦਬੂ ਮਾਰਨ ਕਾਰਨ ਲੋੜਵੰਦ ਪਰਿਵਾਰਾਂ ਨੇ ਇਹ ਦਾਲ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੂਬੇ ’ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਰਾਜ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਸਮਾਰਟ ਕਾਰਡ ਰਾਸ਼ਨ ਧਾਰਕਾਂ ਨੂੰ 15 ਕਿੱਲੋ ਪ੍ਰਤੀ ਜੀਅ ਕਣਕ ਅਤੇ ਤਿੰਨ ਕਿੱਲੋ ਮਾਂਹ ਦੀ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਵੰਡੀ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ ਇਕ ਲੱਖ 26 ਹਜ਼ਾਰ 203 ਸਮਾਰਟ ਰਾਸ਼ਨ ਕਾਰਡ ਧਾਰਕ ਹਨ। ਇਨ੍ਹਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਲੌਕਡਾਊਨ ਦੌਰਾਨ ਸਟੋਰਾਂ ’ਚ ਹੀ ਪਿਆ ਰਿਹਾ ਜਿਸ ਕਾਰਨ ਇਸ ਨੂੰ ਉੱਲੀ ਲੱਗ ਗਈ। ਹੁਣ ਇੱਥੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਕਣਕ ਦੇ ਨਾਲ ਉੱਲੀ ਲੱਗੀ ਮਾਂਹ ਦੀ ਦਾਲ ਵੰਡੀ ਜਾ ਰਹੀ ਹੈ ਜੋ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਹੈ।
ਜ਼ਿਲ੍ਹਾ ਸਕੱਤਰੇਤ ਵਿੱਚ ਅਧਿਕਾਰੀਆਂ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਡਿੱਪੂ ਹੋਲਡਰਾਂ ਨੇ ਪੈਕਟ ਬਣਾ ਕੇ ਰੱਖੇ ਹੋਏ ਹਨ ਅਤੇ ਕਾਰਡ ਧਾਰਕ ਨੂੰ ਪੈੱਕਟ ਦਿੱਤਾ ਜਾ ਰਿਹਾ ਹੈ। ਘਰ ਜਾ ਕੇ ਖੋਲ੍ਹਣ ਉੱਤੇ ਹੀ ਦਾਲ ਖ਼ਰਾਬ ਹੋਣ ਦਾ ਪਤਾ ਲੱਗਦਾ ਹੈ। ਜਦੋਂ ਉਹ ਡਿੱਪੂ ਹੋਲਡਰਾਂ ਕੋਲ ਜਾਂਦੇ ਹਨ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਕਿਹੜਾ ਘਰੋਂ ਦਿੱਤੀ ਹੈ, ਸਰਕਾਰ ਦੀ ਹੈ। ਅਕਾਲੀ ਆਗੂ ਪ੍ਰੇਮ ਚੰਦ ਚੱਕੀਵਾਲੀ ਤੇ ਹੋਰਾਂ ਨੇ ਅਨਾਜ ਦੀ ਵੰਡ ’ਚ ਵੱਡੇ ਘੁਟਾਲੇ ਦਾ ਖ਼ਦਸ਼ਾ ਪ੍ਰਗਟਾਇਆ।
ਕੀ ਕਹਿੰਦੇ ਨੇ ਅਧਿਕਾਰੀ
ਖੁਰਾਕ ਅਤੇ ਸਿਵਲ ਸਪਲਾਈਜ਼ ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਾਲ ਦੀ ਥੋਕ ਵਿੱਚ ਖਰੀਦ ਕੀਤੀ ਗਈ ਹੈ ਅਤੇ ਚੱਕੇ ਹੇਠਾਂ ਵਾਲੇ ਕੁਝ ਗੱਟੇ ਖਰਾਬ ਨਿਕਲ ਆਉਂਦੇ ਹਨ। ਡਿੱਪੂ ਹੋਲਡਰਾਂ ਨੂੰ ਖਰਾਬ ਦਾਲ ਨਾ ਵੰਡਣ ਅਤੇ ਖਰਾਬ ਦਾਲ ਬਦਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਲਦੀ ਹੀ ਦਾਲ ਬਦਲ ਦਿੱਤੀ ਜਾਵੇਗੀ।