ਪੱਤਰ ਪੇ੍ਰਰਕ
ਕਾਲਾਂਵਾਲੀ, 27 ਦਸੰਬਰ
ਖੇਤਰ ਦੇ ਪਿੰਡ ਝਿੜੀ ਵਿੱਚ ਕੁਝ ਦਿਨ ਪਹਿਲਾਂ ਕਿਸਾਨਾਂ ਵੱਲੋਂ ਜੀਓ ਟਾਵਰ ਦਾ ਕੱਟਿਆ ਗਿਆ ਕੁਨੈਕਸ਼ਨ ਜੋੜਨ ਲਈ ਥਾਣਾ ਬੜਾਗੁੜਾ ਪੁਲੀਸ ਪੁਹੰਚੀ ਪਰ ਕਿਸਾਨਾਂ ਨੇ ਵਿਰੋਧ ਕਾਰਨ ਇਸ ਟਾਵਰ ਦਾ ਕੁਨੈਕਸ਼ਨ ਨਾ ਜੋੜਨ ਦਿੱਤਾ ਗਿਆ ਅਤੇ ਪੁਲੀਸ ਨੂੰ ਵਾਪਸ ਪਰਤਾ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਝਿੜੀ ਵਿੱਚ ਕਿਸਾਨਾਂ ਵੱਲੋਂ ਜੀਓ ਕੰਪਨੀ ਦੇ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ਜਿਸ ਕਾਰਨ ਇਸ ਖੇਤਰ ਵਿੱਚ ਜੀਓ ਦੇ ਸਾਰੇ ਕੁਨੈਕਸ਼ਨ ਆਊਟ ਆਫ ਰੇਂਜ ਹੋ ਗਏ ਹਨ। ਅੱਜ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਕੀਤੇ ਜਾਣ ’ਤੇ ਥਾਣਾ ਬੜਾਗੁੜਾ ਦੇ ਕਾਰਜਕਾਰੀ ਇੰਚਾਰਜ ਸੁਮਿਤ ਕੁਮਾਰ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਸਮਝਾ ਕੇ ਟਾਵਰ ਦਾ ਕੁਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਜਿਸ ਕਾਰਨ ਪੁਲੀਸ ਦੀ ਟੀਮ ਨੂੰ ਕੁਨੈਕਸ਼ਨ ਜੋੜੇ ਬਿਨਾਂ ਹੀ ਵਾਪਸ ਪਰਤਣਾ ਪਿਆ। ਇਸ ਤਰ੍ਹਾਂ ਹੀ ਖੇਤਰ ਦੇ ਪਿੰਡ ਰੋੜੀ ਵਿੱਚ ਵੀ ਕੰਪਨੀ ਦੇ ਟਾਵਰਾਂ ਦੀ ਬਿਜਲੀ ਸਪਲਾਈ ਕੱਟੇ ਜਾਣ ਕਾਰਨ ਇਸ ਖੇਤਰ ਦੇ ਸਾਰੇ ਜੀਓ ਫੋਨ ਡੈੱਡ ਪਏ ਹਨ। ਕੰਪਨੀ ਦੇ ਅਧਿਕਾਰੀ ਨੇ ਥਾਣਾ ਰੋੜੀ ਵਿੱਚ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਪਰ ਉੱਥੇ ਵੀ ਪੁਲੀਸ ਟਾਵਰਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਕਰਵਾ ਸਕੀ।