ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਅਪਰੈਲ
ਪਿੰਡ ਕੋਠਾ ਗੁਰੂ ਵਿੱਚ ਬਾਬਾ ਰਘਵੀਰ ਦਾਸ ਦੀ ਯਾਦ ‘ਚ ਚੱਲ ਰਹੇ ਮਾਲਵੇ ਦੇ ਪ੍ਰਸਿੱਧ ਸਾਲਾਨਾ ਮੇਲੇ ਦਾ ਦੂਜਾ ਦਿਨ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਰਿਹਾ। ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ‘ਚ ਹੋਏ ਵੱਡੇ ਸਮਾਗਮ ਦੌਰਾਨ ਇਕੱਤਰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਮੌਨ ਧਾਰ ਕੇ ਸ਼ਹੀਦ ਹੋਈਆਂ ਜ਼ਿੰਦੜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਉਪਰੰਤ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਨੇ ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਡਾ. ਸੋਮ ਪਾਲ ਹੀਰਾ ਦੁਆਰਾ ਲਿਖੇ ਨਾਟਕ ‘ਹੈਲੋ ਮੈਂ ਦਿੱਲੀ ਤੋਂ ਦੁੱਲਾ ਬੋਲਦਾਂ’ ਰਾਹੀਂ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ। ਇਸ ਨਾਟਕ ਦੀ ਪਟਕਥਾ ਖੇਤੀ ਮਾਰੂ ਕਾਨੂੰਨਾਂ ਖਿਲਾਫ਼ ਉੱਠੇ ਜਨ ਅੰਦੋਲਨ, ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਬਾਰੇ ਚਾਨਣਾ ਪਾਉਂਦਿਆਂ ਕੇਂਦਰੀ ਭਾਜਪਾ ਹਕੂਮਤ ਉਪਰ ਸਾਮਰਾਜੀ ਬਹੁ ਕੌਮੀ ਕੰਪਨੀਆਂ ਦੇ ਦਬਾਅ ਦਾ ਭਾਂਡਾ ਭੰਨਦੀ ਹੈ। ਨਾਟਕ ‘ਸੁਲਘਦੀ ਧਰਤੀ’ ਰਾਹੀਂ ਪੰਜਾਬ ‘ਚ ਨਸ਼ਿਆਂ ਦੇ ਚੱਲ ਰਹੇ ਮਾੜੇ ਰੁਝਾਨ ਨੂੰ ਪੇਸ਼ ਕੀਤਾ ਗਿਆ।
ਇਸ ਮੌਕੇ ਅਜਮੇਰ ਸਿੰਘ ਅਕਲੀਆ, ਹਰਬੰਸ ਘਣੀਆ ਤੇ ਪੁਸਪਿੰਦਰ ਜੀਦਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਡੇਰੇ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ, ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾਗੁਰੂ ਤੇ ਸੁਖਜੀਤ ਸਿੰਘ ਸੀਤਾ ਨੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਮਾਗਮ ‘ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਗੁਰਦਿੱਤ ਸਿੰਘ ਕੋਠਾਗੁਰੂ ਨੇ ਚਲਾਈ।