ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਗੁਲਾਬੀ ਸੁੰਡੀ ਨੇ ਪਿਛਲੇ ਸਾਲਾਂ ਦੇ ਉਲਟ ਇਸ ਵਾਰ ਮਾਲਵਾ ਪੱਟੀ ਵਿਚ ਨਰਮਾ ਚੁਗਣ ਆਏ ਪਰਵਾਸੀ ਮਜ਼ਦੂਰਾਂ ਦੇ ਦੁਸਹਿਰੇ ਦੇ ਚਾਅ ਫਿੱਕੇ ਕਰ ਦਿੱਤੇ ਹਨ। ਗੁਲਾਬੀ ਸੁੰਡੀ ਨਰਮੇ ਨੂੰ ਖਾ ਗਈ ਹੈ ਅਤੇ ਮਜ਼ਦੂਰਾਂ ਦੇ ਨਰਮਾ ਚੁਗਣ ਵਾਲੇ ਚਾਅ ਵੀ ਮਧੋਲ ਧਰੇ ਹਨ। ਪਰਵਾਸੀ ਮਜ਼ਦੂਰ ਪਹਿਲਾਂ ਦੁਸਹਿਰੇ ਵਾਲੇ ਦਿਨ ਚਾਵਾਂ ਨਾਲ ਸਾਰਾ-ਸਾਰਾ ਦਿਨ ਨਰਮਾ ਚੁਗਦੇ ਸਨ, ਪਰ ਇਸ ਵਾਰ ਗੁਲਾਬੀ ਸੁੰਡੀ ਦੇ ਡੰਗੇ ਨਰਮੇ ਨਾਲ ਇਨ੍ਹਾਂ ਮਜ਼ਦੂਰ ਪਰਿਵਾਰਾਂ ਦੀ ਝੋਲੀ ਮਸਾਂ ਭਰਦੀ ਹੈ। ਇਸ ਵਾਰ ਭਾਵੇਂ ਕਰੋਨਾ ਅਤੇ ਬਿਹਾਰ ਚੋਣਾਂ ਕਾਰਨ ਮਾਲਵਾ ਪੱਟੀ ਵਿਚ ਅਜਿਹੇ ਪਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੈ, ਪਰ ਫਿਰ ਵੀ ਜਿਹੜੇ ਪ੍ਰਵਾਸੀ ਇਸ ਵਾਰ ਨਰਮਾ ਚੁਗਣ ਆਏ ਹਨ, ਉਨ੍ਹਾਂ ਇਹ ਤਿਉਹਾਰ ਕਿਸਾਨਾਂ ਦੇ ਖੇਤਾਂ ਵਿੱਚ ਮਨਾਇਆ ਹੈ।
ਮਾਲਵਾ ਪੱਟੀ ਵਿਚ ਭਾਵੇਂ ਪਹਿਲਾਂ ਵਾਂਗ ਹਰ ਪਿੰਡ ਵਿਚ ਨਰਮੇ ਨੂੰ ਚੁਗਣ ਲਈ ਬਹੁਤ ਸਾਰੇ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਆਏ ਹੋਏ ਹਨ। ਕੁਝ ਥਾਵਾਂ ’ਤੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਛੋਟੇ-ਛੋਟੇ ਬੱਚੇ ਪੜ੍ਹਾਈ ਛੱਡ ਕੇ ਆਪਣੇ ਮਾਪਿਆਂ ਨਾਲ ਨਰਮੇ ਦੀ ਚੁਗਾਈ ਵਿਚ ਹੱਥ ਵਟਾਉਣ ਲਈ ਪੁੱਜੇ ਹੋਏ ਹਨ।
ਗੁਲਾਬੀ ਸੁੰਡੀ ਕਾਰਨ ਝੁਨੀਰ ਵਿੱਚ ਨਰਮੇ ਦੀ ਫਸਲ ਬਰਬਾਦ
ਝੁਨੀਰ (ਪੱਤਰ ਪੇ੍ਰਕ): ਇਲਾਕਾ ਝੁਨੀਰ ਦੇ ਤਿੰਨ ਦਰਜਨ ਤੋਂ ਵਧੀਕ ਪਿੰਡਾਂ ਵਿੱਚ ਇਸ ਵਾਰ ਨਰਮੇ ਦੀ 40 ਤੋਂ ਲੈ ਕੇ 90 ਫ਼ੀਸਦੀ ਤਕ ਫ਼ਸਲ ਗੁਲਾਬੀ ਸੁੰਡੀ ਨੇ ਖ਼ਰਾਬ ਕਰ ਦਿੱਤੀ ਜਿਸ ਕਾਰਨ ਇਸ ਖੇਤਰ ਦੇ ਨਰਮਾ ਉਤਪਾਦਕ ਭਾਰੀ ਪ੍ਰੇਸ਼ਾਨ ਹਨ। ਕਾਟਨ ਬੈਲਟ ਵਜੋਂ ਜਾਣੇ ਜਾਂਦੇ ਇਸ ਖੇਤਰ ਵਿੱਚ ਕਿਸਾਨਾਂ ਨੇ ਪਹਿਲੀ ਵਾਰ ਖਿੜਿਆ ਨਰਮਾ ਚੁਗਿਆ ਹੀ ਸੀ ਕਿ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ’ਤੇ ਹਮਲਾ ਬੋਲਿਆ ਅਤੇ ਮਹਿੰਗੇ ਤੋਂ ਮਹਿੰਗੇ ਕੀਟਨਾਸ਼ਕਾਂ ਦੇ ਸਪਰੇਅ ਕਰਨ ਉਪਰੰਤ ਵੀ ਕਿਸਾਨਾਂ ਦੀ ਨਰਮੇ ਦੀ ਫ਼ਸਲ ਵੱਡੇ ਪੱਧਰ ’ਤੇ ਖ਼ਰਾਬ ਹੋ ਗਈ। ਝੁਨੀਰ ਖੇਤਰ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਆਪਣੇ ਹਰ ਪ੍ਰਕਾਰ ਦੇ ਖਰਚੇ ਲਈ ਕੇਵਲ ਨਰਮੇ ਦੀ ਫ਼ਸਲ ਤੇ ਹੀ ਕਾਫ਼ੀ ਹੱਦ ਤਕ ਨਿਰਭਰ ਕਰਦੇ ਹਨ। ਪਿੰਡ ਕੋਟਧਰਮੂ ਦੇ ਕਿਸਾਨ ਮਲਕੀਤ ਸਿੰਘ ਕੋਟਧਰਮੂ ਨੇ ਪੰਜ ਏਕੜ, ਬਲਵਿੰਦਰ ਸਿੰਘ ਨੇ ਤਿੰਨ ਏਕੜ ਤੇ ਖੇਤ ਮਜ਼ਦੂਰ ਭੋਲਾ ਸਿੰਘ ਨੇ ਦੋ ਏਕੜ ਜ਼ਮੀਨ ਇਸ ਵਾਰ ਪੰਜਾਹ ਹਜ਼ਾਰ ਪ੍ਰਤੀ ਏਕੜ ਤੋਂ ਵਧੀਕ ਰਾਸ਼ੀ ਠੇਕੇ ’ਤੇ ਲਈ ਸੀ। ਇਸ ਉਪਰੰਤ 20000 ਰੁਪਏ ਪ੍ਰਤੀ ਏਕੜ ਦੇ ਕਰੀਬ ਇਨ੍ਹਾਂ ਦਾ ਨਰਮੇ ਦੀ ਫਸਲ ਨੂੰ ਪਾਲਣ ਪੋਸ਼ਣ ’ਤੇ ਖ਼ਰਚ ਆਇਆ ਸੀ ਪ੍ਰੰਤੂ ਗੁਲਾਬੀ ਸੁੰਡੀ ਨੇ ਇਸ ਖੇਤਰ ਦੇ ਸੈਂਕੜੇ ਕਿਸਾਨਾਂ ਦੇ ਲਏ ਸੁਪਨਿਆਂ ’ਤੇ ਪਾਣੀ ਫੇਰ ਕੇ ਕਿਸਾਨਾਂ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇ ਇਸ ਵਾਰ ਰਾਜ ਸਰਕਾਰ ਨੇ ਕਿਸਾਨਾਂ ਨੂੰ 100 ਫ਼ੀਸਦੀ ਬਰਬਾਦ ਹੋਈ ਨਰਮੇ ਦੀ ਫਸਲ ਦਾ ਪ੍ਰਤੀ ਏਕੜ 50000 ਰੁਪਏ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨ ਆਰਥਿਕ ਤੌਰ ਤੇ ਅਧਮੋਏ ਹੋ ਜਾਣਗੇ।