ਪੱਤਰ ਪ੍ਰੇਰਕ
ਮਾਨਸਾ, 12 ਮਈ
ਮਾਨਸਾ ਨੇੜਲੇ ਪਿੰਡ ਖੜਕ ਸਿੰਘ ਵਾਲਾ ਦੇ ਕਿਸਾਨ ਦੀ ਜ਼ਮੀਨ ਨਿਲਾਮ ਕਰਨ ਪੁੱਜੇ ਤਹਿਸੀਲਦਾਰ ਦਾ ਸਖ਼ਤ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਿਰੋਧ ਨੂੰ ਦੇਖਦਿਆਂ ਤਹਿਸੀਲਦਾਰ ਮਾਨਸਾ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਅਤੇ ਇਸ ਗਰੀਬ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਤੋਂ ਬਚ ਗਈ।
ਜਥੇਬੰਦੀ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ, ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਇਹ ਨਿਲਾਮੀ ਖੜਕ ਸਿੰਘ ਵਾਲਾ ਦੇ ਕਿਸਾਨ ਤੋਂ ਸਿਰਫ 80 ਹਜ਼ਾਰ ਰੁਪਏ ਲੈਣ ਬਦਲੇ ਇੱਕ ਆੜ੍ਹਤੀ ਵੱਲੋਂ ਕਰਵਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮੰਦੇ ਦੀ ਲਹਿਰ, ਕਰੋਨਾ ਅਤੇ ਪਿਛਲੇ ਸਾਲ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਵੱਲੋਂ ਪੂਰੀ ਫ਼ਸਲ ਤਬਾਹ ਕਰਨ ਕਰਕੇ ਤੇ ਇਸ ਵਾਰ ਕਣਕ ਦਾ ਝਾੜ ਘਟਣ ਕਾਰਨ ਕਿਸਾਨ ਕਰਜ਼ਾ ਵਾਪਸ ਨਹੀਂ ਕਰ ਸਕਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਹਨ ਕਿ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ, ਪਰ ਬੈਂਕਾਂ ਅਤੇ ਅੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਨੋਟਿਸ ਭੇਜ ਕੇ ਨਿਲਾਮੀਆਂ/ਕੁਰਕੀਆਂ ਕਰਵਾਈਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀ ਇਸਦਾ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਕਿਸਾਨ ਦੀ ਜ਼ਮੀਨ ਜਾਂ ਘਰ ਆਦਿ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਜਗਦੇਵ ਸਿੰਘ, ਮਹਿੰਦਰ ਸਿੰਘ, ਜਰਨੈਲ ਸਿੰਘ, ਨਿੱਕਾ ਸਿੰਘ, ਬਲਜਿੰਦਰ ਸਿੰਘ, ਬਿੱਕਰ ਸਿੰਘ, ਨਛੱਤਰ ਸਿੰਘ, ਲਾਲਾ ਸਿੰਘ, ਆਤਮਾ ਸਿੰਘ ਨੇ ਵੀ ਸੰਬੋਧਨ ਕੀਤਾ।
ਕੁਰਕੀ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸਬ ਤਹਿਸੀਲ ਅੱਗੇ ਧਰਨਾ
ਬਰੇਟਾ (ਪੱਤਰ ਪ੍ਰੇਰਕ) ਇਥੇ ਸਬ ਤਹਿਸੀਲ ਦੇ ਦਫ਼ਤਰ ਵਿੱਚ ਇੱਕ ਆੜ੍ਹਤੀ ਦੀ ਲਗਪਗ 12 ਲੱਖ ਰੁਪਏ ਸਬੰਧੀ ਜ਼ਮੀਨ ਦੀ ਕੁਰਕੀ ਜੋ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਖੱਤਰੀਵਾਲਾ ਵਿੱਰੁਧ ਆਈ ਸੀ, ਵਿਰੁਧ ਧਰਨਾ ਦਿੱਤਾ ਗਿਆ। ਅੱਜ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਵੱਲੋਂ ਸਵੇਰੇ ਤੋਂ ਹੀ ਸਬ ਤਹਿਸੀਲ ਦੇ ਬਾਹਰ ਧਰਨਾ ਦੇ ਕੇ ਵਿਰੋਧ ਕੀਤਾ ਗਿਆ। ਜਿਸਦੇ ਚੱਲਦਿਆਂ ਨਾਇਬ ਤਹਿਸੀਲਦਾਰ ਦਾ ਕੰਮ ਠੱਪ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਗੋਬਿੰਦਪੁਰਾ, ਅਮਰੀਕ ਸਿੰਘ ਕਿਸ਼ਨਗੜ, ਲੀਲਾ, ਦਰਸ਼ਨ ਸਿੰਘ, ਖੱਤਰੀਵਾਲਾ, ਰੋਹੀ ਸਿੰਘ, ਲਾਭ ਸਿੰਘ ਬਹਾਦਰਪੁਰ ਨੇ ਕਿਹਾ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।