ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਘਰ ਦਾ ਘਿਰਾਓ ਕਰਨ ਲਈ ਅੱਜ ਮਾਲਵਾ ਖੇਤਰ ’ਚੋਂ ਵੱਡੀ ਪੱਧਰ ’ਤੇ ਕਿਸਾਨ ਸੰਗਰੂਰ ਲਈ ਰਵਾਨਾ ਹੋਏ। ਮਾਨਸਾ ਤੋਂ ਇਲਾਵਾ ਬਰਨਾਲਾ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ’ਚੋਂ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਦੀ ਅਗਵਾਈ ਕਿਸਾਨਾਂ ਦੇ ਕਾਫ਼ਲਿਆਂ ਨੇ ਸੰਗਰੂਰ ਵੱਲ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਚਾਲੇ ਪਾਏ। ਇਸ ਤੋਂ ਇਲਾਵਾ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਨੁੱਕੜ ਰੈਲੀਆਂ ਰਾਹੀਂ ਕਿਸਾਨਾਂ ਮਜ਼ਦੂਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਸੰਗਰੂਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਪਿੰਡਾਂ ਵਿੱਚ ਜੰਗ ਜਿੱਤਕੇ ਘਰਾਂ ਨੂੰ ਮੁੜਨ ਦੇ ਵੱਡੀ ਪੱਧਰ ’ਤੇ ਨਾਅਰੇ ਲਾਏ ਗਏ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ। ਕਿਸਾਨ ਆਗੂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ 7 ਅਕਤੂਬਰ ਨੂੰ ਮੀਟਿੰਗ ਕੀਤੀ ਸੀ ਅਤੇ ਜਥੇਬੰਦੀ ਵੱਲੋਂ ਰੱਖੀਆਂ ਫੌਰੀ ਮੰਗਾਂ ਨੂੰ ਜੁਬਾਨੀ ਤੌਰ ’ਤੇ ਮੰਨ ਲਿਆ,ਪਰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਕੋਈ ਲਿਖਤੀ ਪੱਤਰ ਜਿਲ੍ਹਿਆਂ ਦੇ ਅਧਿਕਾਰੀਆਂ ਨੂੰ ਅਜੇ ਤੱਕ ਜਾਰੀ ਨਹੀਂ ਕੀਤਾ, ਜਿਸਦੀ ਵਜ੍ਹਾ ਕਰਕੇ ਸੂਬਾ ਪੱਧਰੀ ਮੋਰਚਾ ਸੰਗਰੂਰ ਵਿੱਚ ਲਾਉਣਾ ਪਿਆ।