ਪੱਤਰ ਪ੍ਰੇਰਕ
ਹੰਡਿਆਇਆ, 5 ਅਕਤੂਬਰ
ਸਥਾਨਕ ਵਾਸੀਆਂ ਨੇ ਹੰਡਿਆਇਆ ਤੋਂ ਧੌਲਾ ਤੱਕ ਸੜਕ ਬਣਾਉਣ ਦਾ ਕੰਮ 20 ਅਕਤੂਬਰ ਤੱਕ ਦੁਬਾਰਾ ਸ਼ੁਰੂ ਨਾ ਕੀਤੇ ਜਾਣ ’ਤੇ ਧਰਨੇ ਦੇ ਚਿਤਾਵਨੀ ਦਿੱਤੀ ਹੈ। ਸਮਾਜ ਸੇਵੀ ਕੁਲਦੀਪ ਤਾਜਪੁਰੀਆ, ਗੁਰਦੀਪ ਸਿੰਘ ਐਮਸੀ ਚਮਕੌਰ ਸਿੰਘ ਤੇ ਪ੍ਰਮੋਦ ਕੁਮਾਰ ਨੇ ਕਿਹਾ ਕਿ ਹੰਡਿਆਇਆ ਕੈਂਚੀਆਂ ਤੋਂ ਧੌਲਾ ਤੱਕ ਸੜਕ ਬਣਾਉਣ ਦਾ ਕੰਮ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਵੀ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਹੈ, ਜੋ ਕਿ ਹਾਲੇ ਤੱਕ ਅੱਧ-ਵਿਚਾਲੇ ਪਿਆ ਹੈ। ਕੁਝ ਸਮਾਂ ਪਹਿਲਾਂ ਇਹ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਸੜਕ ਪੁੱਟ ਕੇ ਇਸ ਵਿੱਚ ਰੋੜੇ ਪਾ ਦਿੱਤੇ ਗਏ ਪਰ ਹੁਣ ਫੇਰ ਤੋਂ ਸੜਕ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਸੜਕ ’ਤੇ ਪਾਏ ਰੋੜੇ ਲੋਕਾਂ ਲਈ ਮੁਸੀਬਤਾਂ ਖੜੀਆਂ ਕਰ ਰਹੇ ਹਨ। ਇਸ ਲਈ ਪ੍ਰਸ਼ਾਸਨ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਜਲਦ ਤੋਂ ਜਲਦ ਸੜਕ ਬਣਾਉਣ ਦੇ ਇਸ ਅਧੂਰੇ ਕੰਮ ਨੂੰ ਸ਼ੁਰੂ ਕਰਕੇ ਖਤਮ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਟੈਂਪੂ ਸਟੈਂਡ ਹੰਡਿਆਇਆ ’ਚ ਧਰਨਾ ਲਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ।