ਪੱਤਰ ਪ੍ਰੇਰਕ
ਮਾਨਸਾ, 13 ਸਤੰਬਰ
ਮਾਨਸਾ ਦੇ ਇਕ ਨਿੱਜੀ ਸਕੂਲ ਵਿੱਚ ਪੜ੍ਹਦੇ 160 ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਕਰੋਨਾ ਕਾਲ 2020-21 ਦੀ 70 ਫ਼ੀਸਦ ਤੋਂ 15 ਫ਼ੀਸਦ ਵੱਧ ਫੀਸ ਮੰਗੇ ਜਾਣ ਖ਼ਿਲਾਫ਼ ਇਕ ਮੰਗ ਪੱਤਰ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੂੰ ਸੌਂਪਿਆ ਗਿਆ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਲਈ ਜਾ ਰਹੀ ਵੱਧ ਫੀਸ ਦੇ ਮਾਮਲੇ ਵਿੱਚ ਸਰਕਾਰੀ ਨਿਯਮਾਂ ਮੁਤਾਬਕ ਇਨਸਾਫ਼ ਦਿਵਾਇਆ ਜਾਵੇ।
ਕਮੇਟੀ ਦੇ ਆਗੂ ਡਾ. ਰਾਵਿੰਦਰ ਸਿੰਘ ਜੋ ਖੁਦ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਪੜ੍ਹਾਉਂਦੇ ਹਨ, ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਕੂਲ ਵੱਲੋਂ ਸਭ ਤੋਂ ਜ਼ਿਆਦਾ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਦਲੀਲਾਂ ਨਾਲ ਲਿਖਤ ਵਿਚ ਦੱਸਿਆ ਕਿ ਸਕੂਲ ਵਿੱਚ ਲਗਪਗ 1600 ਦੇ ਕਰੀਬ ਬੱਚੇ ਪੜ੍ਹਦੇ ਹਨ, ਜਿਸ ਕਰ ਕੇ ਕਰੋਨਾ ਕਾਲ ਦੌਰਾਨ 70% ਫੀਸ ਨਾਲ ਵੀ ਸਕੂਲ ਨੂੰ ਚੰਗਾ ਮੁਨਾਫ਼ਾ ਹੋ ਰਿਹਾ ਹੈ ਤਾਂ ਫਿਰ ਸਕੂਲ ਵੱਲੋਂ 15 ਫ਼ੀਸਦ ਵਾਧੂ ਫੀਸ ਲੈਣ ਲਈ ਹਰ ਰੋਜ਼ ਮਾਪਿਆਂ ਨੂੰ ਸੁਨੇਹੇ ਕਿਉਂ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਹੋਰ ਸਕੂਲ ਨੇ 70 ਫ਼ੀਸਦ ਤੋਂ ਜ਼ਿਆਦਾ ਫੀਸ ਕਰੋਨਾ ਕਾਲ ਦੌਰਾਨ ਨਹੀਂ ਲਈ ਹੈ ਅਤੇ ਇਸ ਤੋਂ ਇਲਾਵਾ ਸਕੂਲ ਬੱਸ ਦੀ ਫੀਸ ਵਿੱਚ ਅਚਾਨਕ ਕੀਤਾ 25-30 ਫੀਸਦੀ ਦਾ ਬੇਲੋੜਾ ਵਾਧਾ, ਪੀਟੀਏ ਦਾ ਨਿਰਪੱਖ ਗਠਨ, ਮਾਣਯੋਗ ਅਦਾਲਤ ਦੇ ਹੁਕਮਾਂ ਖ਼ਿਲਾਫ਼ ਸਾਲ 2020-21 ਵਿੱਚ 8% ਵਾਧਾ, ਮੈਨੇਜਮੈਂਟ ਵੱਲੋਂ ਮਾਪਿਆਂ ਦੀਆਂ ਸਮੱਸਿਆਂਵਾਂ ਨੂੰ ਅਣਗੌਲਿਆਂ ਕੀਤੇ ਜਾਣ ਅਤੇ ਐਡਵਾਂਸ ਭਰਵਾਈ ਜਾ ਰਹੀ ਫੀਸ ਤੇ ਲੇਟ ਫੀਸ ਲੈਣ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਕਾਮਰੇਡ ਕੁਲਦੀਪ ਰਾਏ, ਹਰਮਨਦੀਪ ਸਿੰਘ, ਦੀਪਕ ਮਹਿਤਾ, ਰਣਜੀਤ ਸਿੰਘ, ਹਰਮਨਦੀਪ ਸਿੰਘ, ਗੁਰਪਿਆਰ ਸਿੰਘ, ਰਿਤੂ ਤੇ ਐਡਵੋਕੇਟ ਲਖਵੀਰ ਸਿੰਘ ਵੀ ਹਾਜ਼ਰ ਸਨ।
ਉੱਧਰ, ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਮੰਨਿਆ ਕਿ ਮਾਪਿਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਦੇ ਆਧਾਰ ’ਤੇ ਪ੍ਰਸ਼ਾਸਨ ਵੱਲੋਂ ਨਿਯਮਾਂ ਅਨੁਸਾਰ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।