ਪੱਤਰ ਪ੍ਰੇਰਕ
ਮਹਿਲ ਕਲਾਂ, 3 ਨਵੰਬਰ
ਸਥਾਨਕ ਬੀਡੀਪੀਓ ਕੰਪਲੈਕਸ ਅੰਦਰ ਉਸਾਰੀਆਂ ਜਾਣ ਵਾਲੀਆਂ ਦੁਕਾਨਾਂ ਦੇ ਡਰਾਅ ਕੱਢਣ ਦਾ ਮਾਮਲਾ ਹੁਣ ਲਟਕਦਾ ਨਜ਼ਰ ਆ ਰਿਹਾ ਹੈ। ਜਿੱਥੇ ਇਲਾਕੇ ਦੇ ਦੁਕਾਨਦਾਰ ਤਾਲਾਬੰਦੀ ਤੋਂ ਪਹਿਲਾਂ ਲਈਆਂ ਗਈਆ ਅਰਜ਼ੀਆਂ ਦੇ ਅਧਾਰ ’ਤੇ ਦੁਕਾਨਾਂ ਅਲਾਟ ਕਰਨ ਦੀ ਮੰਗ ਕਰ ਰਹੇ ਹਨ, ਉੱਥੇ ਹੀ ਪ੍ਰਸ਼ਾਸਨ ਦੀ ਮਨਸ਼ਾ ਪਹਿਲੀਆਂ ਅਰਜ਼ੀਆਂ ਵਾਪਸ ਕਰਕੇ ਨਵੀਂ ਨੀਤੀ ਉਲੀਕ ਕੇ ਦੁਕਾਨਾਂ ਦੇਣ ਦੀ ਲੱਗ ਰਹੀ ਹੈ। ਬੀਤੀ ਕੱਲ੍ਹ ਦੁਕਾਨਾਂ ਦੇ ਡਰਾਅ ਕੱਢਣ ਦੀ ਮੰਗ ਲਈ ਮਹਿਲ ਕਲਾਂ ਦੇ ਦੁਕਾਨਦਾਰਾਂ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ ਅਤੇ ਬੀਤੀ ਰਾਤ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਲੀਜ਼ ਕਮੇਟੀ ਦੇ ਚੇਅਰਮੈਨ ਐੱਸਡੀਐੱਮ ਬਰਨਾਲਾ ਨਾਲ ਮੀਟਿੰਗ ਦਾ ਭਰੋਸਾ ਦੇਣ ਉਪਰੰਤ ਦੁਕਾਨਦਾਰਾਂ ਨੇ ਸੰਘਰਸ਼ ਮੁਲਤਵੀ ਕਰ ਦਿੱਤਾ ਸੀ। ਅੱਜ ਬੀਡੀਪੀਓ ਮਹਿਲ ਕਲਾਂ ਵੱਲੋਂ ਦੁਕਾਨਦਾਰਾਂ ਦੀ ਐੱਸਡੀਐੱਮ ਬਰਨਾਲਾ ਵਰਜੀਤ ਸਿੰਘ ਵਾਲੀਆ ਨਾਲ ਮੀਟਿੰਗ ਕਰਵਾਈ ਗਈ। ਮੀਟਿੰਗ ਉਪਰੰਤ ਆਗੂਆਂ ਗਗਨ ਕੁਰੜ, ਜਗਦੀਸ਼ ਸਿੰਘ ਪਨੂੰ, ਗੁਰਪ੍ਰੀਤ ਸਿੰਘ ਅਣਖੀ, ਹਰਦੀਪ ਸਿੰਘ ਬੀਹਲਾ ਅਤੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦੁਕਾਨਾਂ ਦੇ ਡਰਾਅ ਕੱਢਣ ਤੋਂ ਪਿੱਛੇ ਹੱਟ ਰਿਹਾ ਹੈ ਅਤੇ 10 ਮਹੀਨੇ ਪਹਿਲਾਂ ਲਈਆਂ ਅਰਜ਼ੀਆਂ ਤੇ ਡਿਮਾਂਡ ਡਰਾਫਟ ਦੇ ਪੈਸੇ ਵਾਪਸ ਕਰਨੇ ਚਾਹੁੰਦਾ ਹੈ।