ਇਕਬਾਲ ਸਿੰਘ ਸ਼ਾਂਤ
ਲੰਬੀ, 15 ਅਪਰੈਲ
ਮੰਡੀ ਕਿੱਲਿਆਂਵਾਲੀ ’ਚ ਨਾਜਾਇਜ਼ ਕਬੇਜ਼ਕਾਰੀਆਂ ਵਾਲਾ ਮਾਲਵਾ ਰੋਡ ਖੇਤਰ ਚਿੱਟਾ ਤਸਕਰੀ ਦਾ ਗੜ੍ਹ ਬਣਿਆ ਹੋਇਆ ਹੈ। ਅੱਜ ਮੁਹੱਲਾ ਵਾਸੀਆਂ ਨੇ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਬੇਆਬਾਦ ਇਮਾਰਤ ’ਚ ਇੱਕ ਔਰਤ ਨੂੰ ਚਿੱਟਾ ਵੇਚਦੇ ਰੰਗੇ ਹੱਥੀਂ ਫੜ ਲਿਆ। ਜਿਸਨੂੰ ਕਿੱਲਿਆਂਵਾਲੀ ਚੌਕੀ ਨੂੰ ਸੌਂਪ ਦਿੱਤਾ ਗਿਆ। ਪੁਲੀਸ ਨੇ ਔਰਤ ਤੋਂ ਤਿੰਨ ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸਦੀ ਸ਼ਨਾਖ਼ਤ ਮਾਨੀ ਪਤਨੀ ਰਾਮ ਨਿਵਾਸ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਇਹ ਔਰਤ ਨੌਜਵਾਨ ਪੁੱਤਰ ਅਤੇ ਧੀ ਸਣੇ ਸਕੂਲ ਦੀ ਬੇਆਬਾਦ ਇਮਾਰਤ ’ਚ ਰਹਿ ਰਹੀ ਹੈ। ਮੁਹੱਲਾ ਵਾਸੀਆਂ ਵੱਲੋਂ ਚਿੱਟੇ ਦੀਆਂ ਖੁਰਾਕਾਂ ਬਰਾਮਦ ਕਰਨ ਦੀ ਇੱਕ ਵੀਡੀਓ ਵੀ ਬਰਾਮਦ ਹੋਈ ਹੈ। ਮਹਿਲਾ ਪੁਲੀਸ ਵੱਲੋਂ ਪੁੱਛਗਿੱਛ ’ਚ ਮਾਨੀ ਵੱਲੋਂ ਨੇੜੇ ਝੁੱਗੀ ’ਚ ਰਹਿੰਦੀ ਇੱਕ ਔਰਤ ਨੂੰ ਚਿੱਟੇ ਦੀ ਸਪਲਾਇਰ ਦੱਸਿਆ। ਚੌਕੀ ਮੁਖੀ ਭਗਵਾਨ ਸਿੰਘ ਨੇ ਮਹਿਲਾ ਤੇ ਪੁਰਸ਼ ਸਣੇ ਮੌਕੇ ’ਤੇ ਛਾਪਾ ਮਾਰਿਆ, ਪਰ ਝੁੱਗੀ ’ਚੋਂ ਕੁਝ ਵੀ ਬਰਾਮਦ ਨਹੀਂ ਹੋਇਆ। ਕਈ ਹੋਰਨਾਂ ਝੁੱਗੀਆਂ ’ਚ ਤਲਾਸ਼ੀ ਲਈ ਗਈ ਪਰ ਪੁਲੀਸ ਨੂੰ ਸਫ਼ਲਤਾ ਨਹੀਂ ਮਿਲੀ।
ਮੌੌਕੇ ’ਤੇ ਕਈ ਲੋਕਾਂ ਨੇ ਪੁਲੀਸ ਟੀਮ ਕੋਲ ਇਲਾਕੇ ’ਚ ਚਿੱਟਾ ਵਿਕਣ ਦੀ ਸ਼ਾਹਦੀ ਭਰੀ ਤੇ ਆਖਿਆ ਕਿ ਪੁਲੀਸ ਸੂਹੀਏ ਛੱਡੇ ਤਾਂ ਸਭ ਫੜੇ ਜਾਣਗੇ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਦੀ ਜ਼ਮੀਨ ‘ਤੇ ਗੈਰਕਾਨੂੰਨੀ ਤੌਰ ‘ਤੇ ਬਣੀਆਂ ਝੁੱਗੀਆਂ ‘ਚ ਕਈ ਤਰ੍ਹਾਂ ਦੇ ਗੈਰਕਾਨੂੰਨੀ ਧੰਦੇ ਹੁੰਦੇ ਹਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪੁਲੀਸ ਅਮਲੇ ਵੱਲੋਂ ਚਿੱਟਾ ਤਸਕਰੀ ਖ਼ਿਲਾਫ਼ ਕਦੇ ਸਖ਼ਤੀ ਨਹੀਂ ਵਿਖਾਈ ਗਈ। ਜਿਸ ਕਾਰਨ ਤਸਕਰਾਂ ਦੇ ਹੌਸਲੇ ਬੁਲੰਦ ਹਨ। ਸਰਕਾਰੀ ਸਕੂਲ ਦੀ ਇਮਾਰਤ ’ਚ ਕਾਫ਼ੀ ਸਮੇਂ ਤੋਂ ਚਿੱਟਾ ਵੇਚਿਆ ਜਾ ਰਿਹਾ ਹੈ। ਅੱਜ ਉਨ੍ਹਾਂ ਇਕੱਠੇ ਹੋ ਕੇ ਨਿਗਾਹ ਰੱਖੀ ਤਾਂ ਕੁਝ ਖੁਰਾਕਾਂ ਬਰਾਮਦ ਹੋਈਆਂ। ਪੰਜਾਬ-ਹਰਿਆਣਾ ਦਾ ਸਰਹੱਦੀ ਖੇਤਰ ਹੋਣ ਕਾਰਨ ਇਹ ਇਲਾਕਾ ਨਸ਼ਾ ਤਸਕਰਾਂ ਸਮੇਤ ਜਰਾਇਮ ਪੇਸ਼ਾ ਕਿੱਤਿਆਂ ਦੀ ਬੰਦਰਗਾਹ ਬਣਿਆ ਹੋਇਆ ਹੈ।
ਪੁਲੀਸ ਛਾਪੇਮਾਰੀ ਬਾਅਦ ਵੀ ਮਾਲਵਾ ਰੋਡ ’ਤੇ ਇੱਕ ਕਾਰ ’ਚ ਨੌਜਵਾਨ ਚਿੱਟਾ ਵੇਚਦੇ ਵੇਖੇ ਗਏ ਪਰ ਜਦੋਂ ਤੱਕ ਪੁਡੀਸ ਪੁੱਜੀ ਤਦ ਤਸਕਰੀ ਵਾਲਾ ਟੈਂਡਰ ਨਬਿੇੜ ਕੇ ਤਸਕਰ ਫੁਰਰਰ ਹੋ ਗਏ। ਚੌਕੀ ਦੇ ਮੁਖੀ ਸਬ ਇੰਸਪੈਕਟਰ ਭਗਵਾਨ ਸਿੰਘ ਨੇ ਕਿਹਾ ਕਿ 3 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਔਰਤ ਮਾਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।