ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਪਰੈਲ
ਸੂਬੇ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੀਤੇ ਬੁੱਧਵਾਰ ਨੂੰ ਇਥੇ ਤਹਿਸੀਲਦਾਰ ਦਫ਼ਤਰ ਉੱਤੇ ਛਾਪਾ ਮਾਰਨ ਸਮੇਂ ਦੱਸਿਆ ਸੀ ਕਿ ਉਹ ਤਹਿਸੀਲ ’ਚ ਕਰੋੜਾਂ ਰੁਪਏ ਦੀ ਅਸ਼ਟਾਮ ਫ਼ੀਸ ਚੋਰੀ ਦੀ ਸ਼ਿਕਾਇਤ ਦੀ ਜਾਂਚ ਕਰਨ ਆਏ ਹਨ। ਇਸ ਦੌਰਾਨ ਮਾਲ ਅਫ਼ਸਰਾਂ ਨਾਲ ਉਨ੍ਹਾਂ ਦਾ ਟਕਰਾਅ ਵਾਲਾ ਮਾਹੌਲ ਬਣ ਗਿਆ ਸੀ। ਹੁਣ ਦੋਵੇਂ ਧਿਰਾਂ ’ਚ ਸ਼ਾਂਤਮਈ ਮਾਹੌਲ ਸਿਰਜਣ ਲਈ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਡੀਸੀ ਕੁਲਵੰਤ ਸਿੰਘ ਨੂੰ ਸ਼ਿਕਾਇਤ ਦੀ 21 ਅਪਰੈਲ ਤੱਕ ਜਾਂਚ ਰਿਪੋਰਟ ਭੇਜਣ ਦਾ ਹੁਕਮ ਦਿੱਤਾ ਸੀ। ਡੀਸੀ ਨੇ ਦੱਸਿਆ ਕਿ ਸਰਕਾਰ ਨੂੰ ਅਸ਼ਟਾਮ ਫ਼ੀਸ ਚੋਰੀ ਦੀ ਜਾਂਚ ਰਿਪੋਰਟ ਭੇਜ ਦਿੱਤੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਮਾਤਰ 26 ਹਜ਼ਾਰ ਰੁਪਏ ਅਸਟਾਮ ਫ਼ੀਸ ਚੋਰੀ ਹੋਈ ਹੈ। ਬੁੱਧਵਾਰ ਨੂੰ ਤਹਿਸੀਲਦਾਰ, ਫ਼ਰਦ ਕੇਂਦਰ, ਸੇਵਾ ਕੇਂਦਰ ਵਿੱਚ ਛਾਪਾ ਮਾਰਨ ਸਮੇਂ ਮਾਲ ਮੰਤਰੀ ਦੇ ਤਿੱਖੇ ਤੇਵਰ ਸਨ ਤੇ ਮੀਡੀਆ ਅੱਗੇ ਮਾਲ ਅਫ਼ਸਰਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੋਂ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਗੰਭੀਰ ਨੋਟਿਸ ਲੈਂਦੇ ਮਾਲ ਮੰਤਰੀ ਦੇ ਵਤੀਰੇ ਖ਼ਿਲਾਫ਼ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ।
ਉਨ੍ਹਾਂ ਮਾਲ ਮੰਤਰੀ ਖ਼ਿਲਾਫ਼ ਭੱਦੀ ਸ਼ਬਦਾਵਾਲੀ ’ਚ ਤਹਿਸੀਲਦਾਰ ਤੇ ਐੱਸਡੀਐੱਮ ਦੇ ਚਰਿੱਤਰ-ਹਨਣ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਸੀ। ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਨਾਲ ਜੁੜੇ ਇੱਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਉਨ੍ਹਾਂ ਨਾਲ ਸ਼ਾਂਤਮਈ ਮਾਹੌਲ ਸਿਰਜਣ ਲਈ ਸੰਪਰਕ ਕੀਤਾ ਗਿਆ ਹੈ।