ਪੱਤਰ ਪ੍ਰੇਰਕ
ਸ਼ਹਿਣਾ, 3 ਜੁਲਾਈ
ਹਾੜ੍ਹ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ ਅਤੇ ਲੋਕ ਮੀਂਹ ਪਵਾਉਣ ਲਈ ਰੱਬ ਦੇ ਹਾੜੇ ਕੱਢ ਰਹੇ ਹਨ। ਗਰਮੀ ਅੱਗੇ ਪੱਖੇ ਅਤੇ ਕੂਲਰ ਬੇਵੱਸ ਹੋ ਗਏ ਜਾਪਦੇ ਹਨ। ਗਰਮੀ ਕਾਰਨ ਬਾਜ਼ਾਰਾਂ ’ਚ ਸੁੰਨਸਾਨ ਪਸਰੀ ਹੋਈ ਹੈ ਅਤੇ ਸਿਰਫ ਕੂਲਰਾਂ ਅਤੇ ਪੱਖਿਆਂ ਦੀਆਂ ਦੁਕਾਨਾਂ ’ਤੇ ਹੀ ਨਵੇਂ ਖਰੀਦਦਾਰੀ ਜਾਂ ਪੁਰਾਣੇ ਰਿਪੇਅਰ ਕਰਾਉਣ, ਕੂਲਰਾਂ ਦਾ ਫੂਸ ਬਦਲਣ ਵਾਲਿਆਂ ਦੀ ਭੀੜ ਹੈ। ਮੈਡੀਕਲ ਸਟੋਰਾਂ ’ਤੇ ਵੀ ਗਰਮੀ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ।
ਦੂਜੇੇ ਪਾਸੇ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨ ਸ਼ਹਿਣਾ ਨਹਿਰ ’ਤੇ ਗਰਮੀ ਤੋਂ ਬਚਣ ਲਈ ਨਹਾ ਰਹੇ ਹਨ ਅਤੇ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ। ਭਾਵੇਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਪ੍ਰੰਤੂ ਫਿਲਹਾਲ ਗਰਮੀ ਨੇ ਹਾੜੇ ਕਢਾ ਦਿੱਤੇ ਹਨ। ਕਿਸਾਨ ਜਰਨੈਲ ਸਿੰਘ ਅਨੁਸਾਰ ਕਿਸਾਨ ਦੀ ਲੱਖ ਕੋਸ਼ਿਸ ਦੇ ਬਾਵਜੂਦ ਝੋਨੇ ’ਚ ਪਾਣੀ ਨਹੀਂ ਖੜ੍ਹ ਰਿਹਾ ਅਤੇ ਹੁਣ ਮੀਂਹ ’ਤੇ ਹੀ ਭਾਰੀ ਉਮੀਦਾਂ ਹਨ। ਦਿਹਾੜੀਦਾਰ ਰੂਪ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਕੰਮ ਨਹੀਂ ਚੱਲ ਰਿਹਾ ਅਤੇ ਕਾਫੀ ਲੋਕਾਂ ਨੇ ਗਰਮੀ ਕਾਰਨ ਮਕਾਨ ਉਸਾਰੀ ਦਾ ਕੰਮ ਹੀ ਬੰਦ ਕਰ ਦਿੱਤਾ ਹੈ।