ਪੱਤਰ ਪ੍ਰੇਰਕ
ਮਾਨਸਾ, 9 ਜੂਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਖਿਆਲਾ ਕਲਾਂ ਦੀਆ ਦੋ ਵਿਦਿਆਰਥੀਣਾਂ ਨੇ ਰਾਸ਼ਟਰੀ ਪੱਧਰ ਦੀ ਐੱਨਐੱਮਐੱਮਐੱਸ ਪ੍ਰੀਖਿਆ ਪਾਸ ਕੀਤੀ। ਸਕੂਲ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਢਾ ਨੇ ਦੱਸਿਆ ਕਿ ਐੱਸਸੀਈਆਰਟੀ ਪੰਜਾਬ ਵੱਲੋਂ ਹਰ ਸਾਲ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ, ਜੋ ਕਿ ਸਰਕਾਰੀ ਸਕੂਲਾਂ ’ਚ ਪੜ੍ਹਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸੈਸ਼ਨ 2020-21 ਵਿੱਚ ਕਰਵਾਈ ਗਈ ਐੱਨਐੱਮਐੱਮਐੱਸ ਦੀ ਪ੍ਰੀਖਿਆ ਵਿੱਚ ਖਿਆਲਾ ਕਲਾਂ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪ੍ਰੀਖਿਆ ਪਾਸ ਕੀਤੀ। ਮੀਡੀਆ ਇੰਚਾਰਜ ਸਿਮਰਜੀਤ ਕੌਰ ਨੇ ਦੱਸਿਆ ਕਿ ਇਹ ਵਜ਼ੀਫ਼ਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਸੁਖਵੀਰ ਕੌਰ ਪੁੱਤਰੀ ਪਰਮਿੰਦਰ ਸਿੰਘ, ਨੇ 94 ਅੰਕ ਪ੍ਰਾਪਤ ਕੀਤੇ ਜਦੋਂ ਕਿ ਕਮਲਪ੍ਰੀਤ ਕੌਰ ਪੁੱਤਰੀ ਗੁਰਚਰਨਜੀਤ ਸਿੰਘ 92 ਅੰਕ ਪ੍ਰਾਪਤ ਕੀਤੇ।
ਕੁੱਬੇ ਸਕੂਲ ਦੀ ਮਨਪ੍ਰੀਤ ਨੇ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ
ਧਨੌਲਾ (ਪੱਤਰ ਪ੍ਰੇਰਕ): ਨੈਸ਼ਨਲ ਮੈਰਿਟ ਮੀਨਜ਼ ਕਮ ਸਕਾਲਰਸ਼ਿਪ ਤਹਿਤ ਮਿਡਲ ਜਮਾਤ ਦੇ ਵਿਦਿਆਰਥੀਆਂ ਦੇ ਸਾਇੰਸ ਆਫ ਡਾਇਰੈਕਟੋਰੇਟ ਐਜੂਕੇਸ਼ਨ ਦਿੱਲੀ ਵੱਲੋਂ ਲਏ ਟੈਸਟ ਵਿੱਚ ਜ਼ਿਲ੍ਹਾ ਬਰਨਾਲਾ ਦੇ ਕੁੱਲ 58 ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਪ੍ਰਿੰਸੀਪਲ ਬਲਬੀਰ ਸਿੰਘ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਮਲਕੀਤ ਕੌਰ ਸਰਕਾਰੀ ਹਾਈ ਸਕੂਲ ਕੁੱਬੇ ਨੇ ਦੱਸਿਆ ਕਿ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਮੇਲਾ ਸਿੰਘ ਨੇ ਇਹ ਟੈਸਟ ਪਾਸ ਕਰ ਸਕੂਲ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੇ ਕਰੀਬ 8-10 ਬੱਚੇ ਮੈਰੀਟੋਰੀਅਸ ਅਤੇ ਨਵੋਦਿਆ ਵਿਦਿਆਲਾ ਵਿੱਚ ਦਾਖਲਾ ਹਾਸਲ ਕਰੇ ਹਨ। ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਅਫਸਰ ਸਰਬਜੀਤ ਸਿੰਘ ਤੂਰ ਦੱਸਿਆ ਕਿ ਸਕਾਲਰਸ਼ਿਪ ਅਧੀਨ ਵਿਦਿਆਰਥੀ ਨੂੰ 12,000 ਰੁਪਏ ਸਾਲਾਨਾ 12ਵੀਂ ਦੀ ਪੜ੍ਹਾਈ ਤੱਕ ਮਿਲਦੇ ਹਨ।ਉਨ੍ਹਾਂ ਸਕਾਲਰਸ਼ਿਪ ਹਾਸਲ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ।