ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 17 ਫਰਵਰੀ
ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਜਲਸੇ ਨੂੰ ਸੰਬੋਧਨ ਕਰਨ ਲਈ ਬੀਤੀ ਸ਼ਾਮ ਹਰਿਆਣਾ ਤੋਂ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਤੇ ਬਲਵੰਤ ਸਿੰਘ ਰਾਮੂਵਾਲੀਆ ਵਿਸੇਸ਼ ਤੌਰ ’ਤੇ ਪਹੁੰਚੇ। ਸ੍ਰੀ ਹੁੱਡਾ ਨੇ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਦੋਵੇਂ ਹੀ ਪਾਰਟੀਆਂ ਦੇਸ਼ ਅਤੇ ਪੰਜਾਬ ਵਿਰੋਧੀ ਹਨ ਤੇ ਹੁਣ ਲੋਕ ਇਨ੍ਹਾਂ ’ਤੇ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੋ ਹਾਲ ਚੌਟਾਲਾ ਪਰਿਵਾਰ ਦਾ ਹਰਿਆਣਾ ਵਿੱਚ ਹੋਇਆ ਹੈ, ਓਹੀ ਹਾਲ ਪੰਜਾਬ ਵਿੱਚ ਅਕਾਲੀ ਦਲ ਦਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਅਤੇ ਭਾਜਪਾ ਤੇ ‘ਆਪ’ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆਂ ਨੇ ਕਿਹਾ ਕਿ ਉਹ ਰਾਜਾ ਵੜਿੰਗ ਵੱਲੋਂ 111 ਦਿਨਾਂ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਚੋਣ ਪ੍ਰਚਾਰ ਲਈ ਆਏ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਪੰਜਾਬ ਦਾ ਮਾਫੀਆ ਰਾਜਾ ਵੜਿੰਗ ਤੋਂ ਇਸ ਤਰ੍ਹਾਂ ਡਰਦਾ ਹੈ, ਜਿਵੇਂ ਗੁਲੇਲ ਤੋਂ ਪੰਛੀ ਡਰਦਾ ਹੈ। ਉਨ੍ਹਾਂ ਲੋਕਾਂ ਨੂੰ ਰਾਜਾ ਵੜਿੰਗ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਸ ਨੂੰ ਹਰਾਉਣ ਲਈ ਸਾਰਾ ਬਾਦਲ ਕੁਨਬਾ ਇਕਜੁੱਟ ਹੋ ਗਿਆ ਹੈ, ਪਰ ਉਹ ਬਾਦਲਾਂ ਤੋਂ ਡਰਨ ਵਾਲਾ ਨਹੀਂ।