ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 5 ਅਕਤੂਬਰ
ਬਲਾਕ ਸ਼ਹਿਣਾ ਦੇ ਪਿੰਡ ਢਿੱਲਵਾਂ ‘ਚ ਇੱਕ ਕਾਂਗਰਸੀ ਆਗੂ ਵੱਲੋਂ ਕਥਿਤ ਗਲੀ ਰੋਕੇ ਜਾਣ ਨੂੰ ਲੈਕੇ ਅੱਜ ਪਿੰਡ ਢਿੱਲਵਾਂ ਵਾਸੀਆਂ ਵੱਲੋਂ ਬੀਡੀਪੀਓ ਦਫਤਰ ਸ਼ਹਿਣਾ ਅੱਗੇ ਧਰਨਾ ਲਾਇਆ ਗਿਆ ਅਤੇ ਚੱਕਾ ਜਾਮ ਕੀਤਾ ਗਿਆ। ਸਟਾਫ ਨੂੰ ਕਮਰੇ ਅੰਦਰ ਡੱਕ ਦਿੱਤਾ ਅਤੇ ਮੇਨ ਸੜਕ ’ਤੇ ਜਾਮ ਲਾ ਦਿੱਤਾ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾਂ ਪ੍ਰਧਾਨ ਰੂਪ ਸਿੰਘ ਢਿੱਲਵਾਂ, ਡਾ. ਮੱਲ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗਲੀ ਨੂੰ ਰੋਕੇ ਜਾਣ ਸਬੰਧੀ ਡਿਪਟੀ ਕਮਿਸ਼ਨਰ ਤੋਂ ਮੁੱਖ ਮੰਤਰੀ ਤੱਕ ਦਰਖ਼ਾਸਤਾਂ ਭੇਜੀਆਂ ਸਨ, ਪਰ ਬੀਡੀਪੀਓ ਦਫ਼ਤਰ ਮਾਮਲੇ ਦੀ ਜਾਂਚ ਕਰਕੇ ਇਨਸਾਫ਼ ਦੇਣ ਦੀ ਬਜਾਏ ਟਾਲ-ਮਟੋਲ ਕਰ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਕਿਹਾ ਕਿ ਮਸਲੇ ਦੀ ਜਾਂਚ ਕਰਕੇ ਰਿਪੋਰਟ ਨਹੀ ਭੇਜੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਡੀਪੀਓ ਸ਼ਹਿਣਾ ਦਾ ਚਾਰਜ ਬੀਡੀਪੀਓ ਮਹਿਲ ਕਲਾਂ ਕੋਲ ਹੈ। ਖ਼ਬਰ ਲਿਖਣ ਤੱਕ ਪਿੰਡ ਢਿੱਲਵਾਂ ਦੇ ਲੋਕ ਅਤੇ ਬੀਕੇਯੂ ਸਿੱਧੂਪੁਰ ਦੇ ਆਗੂ ਧਰਨੇ ‘ਤੇ ਬੈਠੇ ਸਨ ਅਤੇ ਚੱਕਾ ਜਾਮ ਜਾਰੀ ਸੀ।