ਜੋਗਿੰਦਰ ਸਿੰਘ ਮਾਨ
ਮਾਨਸਾ, 4 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਕਿਸਾਨੀ ਘੋਲ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਨ ਲਈ 5 ਸਤੰਬਰ ਨੂੰ ਮੁੱਜ਼ਫ਼ਰਨਗਰ (ਯੂ.ਪੀ) ਵਿੱਚ ਕੀਤੀ ਜਾ ਰਹੀ ਕਿਸਾਨ ਮਹਾਂ ਰੈਲੀ ਲਈ ਪੰਜਾਬ ਦੀਆਂ ਬਹੁਤੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਹੀ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਮਾੜਾ ਮੌਸਮ ਹੋਣ ਦੇ ਬਾਵਜੂਦ ਅਤੇ 5 ਸਤੰਬਰ ਨੂੰ ਖੱਜਲ-ਖੁਆਰੀ ਅਤੇ ਥਾਂ-ਥਾਂ ’ਤੇ ਜਾਮ ਲੱਗਣ ਦੇ ਡਰੋਂ ਇੱਕ ਦਿਨ ਪਹਿਲਾਂ ਹੀ ਕੂਚ ਕਰਨ ਦਾ ਨਿਰਣਾ ਲਿਆ ਗਿਆ ਹੈ। ਜਥੇਬੰਦੀ ਦੀ ਮਾਨਸਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਯੂਨੀਅਨ ਨੇ 5 ਸਤੰਬਰ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇੱਕ ਦਿਨ ਪਹਿਲਾਂ ਹੀ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ, ਜਿਸ ਤਹਿਤ ਅੱਜ ਜਥਿਆਂ ਨੂੰ ਪਿੰਡਾਂ ਚੋਂ ਤੋਰਨਾ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਰਾਜ ਭਰ ਵਿਚੋਂ 5500 ਤੋਂ ਵੱਧ ਜਥੇਬੰਦਕ ਵਰਕਰਾਂ ਨੂੰ ਮੁੱਜ਼ਫਰਨਗਰ ਲਿਜਾਇਆ ਜਾਵੇਗਾ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੂਬੇ ਭਰ ਵਿਚੋਂ ਕਿਸਾਨ ਵਰਕਰਾਂ ਨੂੰ ਲਿਜਾਣ ਲਈ ਵਹੀਕਲਾਂ ਦਾ ਪ੍ਰਬੰਧ ਪਹਿਲਾਂ ਤੋਂ ਹੀ ਕੀਤਾ ਗਿਆ ਹੈ।
ਅਬੋਹਰ (ਸੁੰਦਰ ਨਾਥ ਆਰੀਆ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਹੋਣ ਜਾ ਰਹੀ ਮਹਾਪੰਚਾਇਤ ਵਿੱਚ ਹਿੱਸਾ ਲੈਣ ਲਈ ਅਬੋਹਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਰਵਾਨਾ ਹੋਏ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੋਂ 25 ਵਾਹਨਾਂ ਵਿੱਚ ਸੈਂਕੜੇ ਰੋਡਵੇਜ਼ ਕਾਮਿਆਂ ਤੇ ਪੈਨਸ਼ਨਰਾਂ ਦਾ ਵੱਡਾ ਕਾਫਲਾ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਏਟਕ ਵਰਕਰ 8ਵੀਂ ਵਾਰ ਕਿਸਾਨ ਮੋਰਚੇ ਦੀ ਹਮਾਇਤ ਸਿੰਘੂ ਬਾਰਡਰ ਨੂੰ ਰਵਾਨਾ ਹੋਏ। ਇਸ ਕਾਫਲੇ ਦੀ ਅਗਵਾਈ ਸਾਥੀ ਅਵਤਾਰ ਸਿੰਘ ਤਾਰੀ, ਸਾਥੀ ਜਗਦੀਸ ਸਿੰਘ ਚਾਹਲ, ਸਾਥੀ ਗੁਰਮੇਲ ਸਿੰਘ ਮੈਡਲੇ, ਸੀਪੀਆਈ ਜ਼ਿਲ੍ਹਾ ਕੌਂਸਲ ਸਕੱਤਰ ਕਾਮਰੇਡ ਕੁਲਦੀਪ ਭੋਲਾ ਕਰ ਰਹੇ ਸਨ।
ਬਠਿੰਡਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਵਰਕਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਖੇ ਰੱਖੀ ਗਈ ਮੋਰਚੇ ਵੱਲੋਂ ਰੱਖੀ ਗਈ ਰੈਲੀ ਲਈ ਰਵਾਨਾ ਹੋਏ।
ਰਾਮਪੁਰਾ ਫੂਲ (ਗੁਰਜੀਤ ਭੁੱਲਰ/ਗੁਰਵਿੰਦਰ ਸਿੰਘ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਾਫਲਾ ਭਲਕੇ ਮੁਜ਼ੱਫਰਨਗਰ ਵਿਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਮੁਜ਼ੱਫਰਨਗਰ ‘ਚ 5 ਸਤੰਬਰ ਨੂੰ ਹੋਣ ਵਾਲੀ ਮਹਾਪੰਚਾਇਤ ਵਿਚ ਸ਼ਮੂਲੀਅਤ ਕਰਨ ਲਈ ਅੱਜ ਕਿਸਾਨਾਂ ਦਾ ਵੱਡਾ ਜਥਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਕੋਠਾ ਗੁਰੂ ਤੋਂ ਰਵਾਨਾ ਹੋਇਆ। ਬਲਾਕ ਪ੍ਰਧਾਨ ਪਾਲਾ ਸਰਦਾਰ, ਜ਼ਿਲ੍ਹਾ ਕਮੇਟੀ ਮੈਂਬਰ ਮਾਲਣ ਕੌਰ ਕੋਠਾਗੁਰੂ ਅਤੇ ਗੁਰਮੇਲ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਇਹ ਕਾਨੂੰਨ ਵਾਪਸ ਲੈਣੇ ਪੈਣਗੇ।
ਧਨੌਲਾ (ਪੁਨੀਤ ਮੈਨਨ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਮੁਜ਼ੱਫਰਨਗਰ ’ਚ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਬਡਬਰ ਟੌਲ ਪਲਾਜ਼ਾ ਤੋਂ ਕਿਸਾਨਾਂ-ਮਜ਼ਦੂਰਾਂ ਦਾ ਵੱਡਾ ਕਾਫਲਾ ਰਵਾਨਾ ਹੋਇਆ।
ਲੰਬੀ/ਡੱਬਵਾਲੀ (ਪੱਤਰ ਪ੍ਰੇਰਕ): ਮੁਜ਼ੱਫ਼ਰਨਗਰ ਮਹਾਂਪੰਚਾਇਤ ’ਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਕਿਸਾਨਾਂ ਵਹੀਰਾਂ ਘੱਤ ਰਹੇ ਹਨ। ਲੰਬੀ ਹਲਕੇ ਵਿੱਚੋਂ ਅੱਜ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਾਫ਼ੀ ਕਿਸਾਨ ਬੱਸ ਵਿੱਚ ਰਵਾਨਾ ਹੋਏ।
ਬਰਨਾਲਾ (ਪਰਸ਼ੋਤਮ ਬੱਲੀ): ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਵਿਖੇ ਹੋਣ ਵਾਲੀ ਕਿਸਾਨ ਮਹਾਂ ਰੈਲੀ ਵਿੱਚ ਹਿੱਸਾ ਲੈਣ ਲਈ ਅੱਜ ਕਿਸਾਨਾਂ ਦਾ ਕਾਫਲਾ ਬਰਨਾਲਾ ਤੋਂ ਟਰੇਨ ਰਾਹੀਂ ਰਵਾਨਾ ਹੋਇਆ।
ਸਿਰਸਾ ਤੋਂ ਰਵਾਨਾ ਹੋਣ ਲੱਗੇ ਕਿਸਾਨਾਂ ਦੇ ਜਥੇ
ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਲਕੇ 5 ਸਤੰਬਰ ਨੂੰ ਮੁਜ਼ੱਫਰਨਗਰ ਵਿਖੇ ਹੋਣ ਵਾਲੀ ਕਿਸਾਨ ਮਹਾਂ ਰੈਲੀ ’ਚ ਸ਼ਿਰਕਤ ਕਰਨ ਲਈ ਕਿਸਾਨਾਂ ਦੇ ਜਥੇ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਪਹਿਲਾ ਜਥਾ ਜਨਤਾ ਭਵਨ ਰੋਡ ਤੋਂ ਰਵਾਨਾ ਹੋਇਆ ਜਦੋਂਕਿ ਦੂਜਾ ਜਥਾ ਭਾਵਦੀਨ ਟੌਲ ਪਲਾਜ਼ੇ ਤੋਂ ਰਵਾਨਾ ਹੋਇਆ। ਜਥਾ ਰਵਾਨਾ ਕਰਨ ਤੋਂ ਪਹਿਲਾਂ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਮੁਜ਼ੱਫਰਨਗਰ ਵਿਖੇ ਹੋਣ ਵਾਲੀ ਰੈਲੀ ਇਕ ਨਵਾਂ ਇਤਿਹਾਸ ਬਣਾਵੇਗੀ।