ਪੱਤਰ ਪ੍ਰੇਰਕ
ਮਾਨਸਾ, 20 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਮਾਨਸਾ ਦੇ ਕਿਸਾਨਾਂ ਵੱਲੋਂ ਮਜ਼ਦੂਰ ਪਰਿਵਾਰ ਦੇ ਘਰ ਨੂੰ ਲੱਗਿਆ ਹੋਇਆ ਜਿੰਦਰਾ ਤੋੜ ਕੇ ਪਰਿਵਾਰ ਨੂੰ ਅੰਦਰ ਬਿਠਾਇਆ। ਜ਼ਿਕਰਯੋਗ ਹੈ ਕਿ ਮਜ਼ਦੂਰ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਇਹ ਜਿੰਦਰਾ ਐੱਚਡੀਐੱਫਸੀ ਬੈਂਕ ਦੇ ਪ੍ਰਬੰਧਕਾਂ ਨੇ ਲਾਇਆ ਸੀ।
ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਕੁਲਵੰਤ ਸਿੰਘ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਘਰ ਬਣਾਇਆ ਗਿਆ ਸੀ ਜਿਸ ਦੀਆਂ 10 ਕਿਸ਼ਤਾਂ ਭਰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਕੰਮ ਨਾ ਮਿਲਣ ਕਾਰਨ ਅਤੇ ਪਿਤਾ ਦੇ ਬਿਮਾਰ ਹੋਣ ਕਾਰਨ ਮਜ਼ਦੂਰ ਕੋਲੋਂ ਬੈਂਕ ਦੀ ਕਿਸ਼ਤ ਭਰੀ ਨਹੀਂ ਜਾ ਸਕੀ। ਇਸ ਕਾਰਨ ਬੈਂਕ ਵੱਲੋਂ ਮਜ਼ਦੂਰ ਦੇ ਘਰ ਦੀ ਨਿਲਾਮੀ ਕਰਕੇ ਘਰ ਨੂੰ ਜਿੰਦਰਾ ਲਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰ ਘਰ ਨਾ ਹੋਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਸੀ, ਇਸ ਗੱਲ ਦੀ ਭਿਣਕ ਜਥੇਬੰਦੀ ਨੂੰ ਪਈ ਤਾਂ ਜਥੇਬੰਦੀ ਨੇ ਫੌਰੀ ਤੌਰ ’ਤੇ ਐਕਸ਼ਨ ਲੈਂਦਿਆਂ ਪਰਿਵਾਰ ਨੂੰ ਜਿੰਦਰਾ ਤੋੜ ਕੇ ਘਰ ਵਿੱਚ ਬਿਠਾਇਆ। ਕਿਸਾਨ ਆਗੂਆਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਜਾਂ ਮਜ਼ਦੂਰ ਪਰਿਵਾਰ ਦਾ ਘਰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਗਰਾਜ ਸਿੰਘ ਮਾਨਸਾ, ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ, ਜਗਦੇਵ ਸਿੰਘ, ਸੋਨੀ ਦਰਾਕਾ, ਅਮਰੀਕ ਸਿੰਘ ਤੇ ਬਿੰਦਰ ਸਿੰਘ ਵੀ ਮੌਜੂਦ ਸਨ।