ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਨਵੰਬਰ
ਇਥੋਂ ਨੇੜਲੇ ਪਿੰਡ ਰੇੜਵਾਂ ਵਿੱਚ ਕਰੀਬ 20 ਦਿਨ ਪਹਿਲਾਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਹੋਈ ਮੌਤ ਦਾ ਮਾਮਲਾ ਉਸ ਵੇਲੇ ਗੰਭੀਰ ਰੂਪ ਧਾਰ ਗਿਆ ਜਦੋਂ ਰੋਹ ਵਿੱਚ ਆਏ ਪਰਿਵਾਰ ਨੇ ਮ੍ਰਿਤਕ ਦਾ ਸਸਕਾਰ ਕਰਨ ਲਈ ਥਾਣੇ ਅੱਗੇ ਚਿਖਾ ਚਿਣ ਦਿੱਤੀ। ਮ੍ਰਿਤਕ ਦਾ ਪਰਿਵਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਧਰਮਕੋਟ ਦੇ ਡੀਐੱਸਪੀ ਸੁਬੇਗ ਸਿੰਘ ਅਤੇ ਜਾਂਚ ਅਧਿਕਾਰੀ ਇੰਸਪੈਕਟਰ ਕਿੱੱਕਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੁਲਜ਼ਮ ਕਾਲਾ ਸਿੰਘ ਪਿੰੰਡ ਰੇੜਵਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਵਾਰਦਾਤ ਵਿੱਚ ਵਰਤੀ ਬੰਦੂਕ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਮੁਤਾਬਕ 2 ਨਵੰਬਰ ਦੀ ਰਾਤ ਨੂੰ ਪਿੰੰਡ ਰੇੜਵਾਂ ਵਿੱਚ ਮੁਲਜ਼ਮਾਂ ਵੱਲੋਂ ਕੀਤੀ ਗਈ ਗੋਲੀਬਾਰੀ ਨਾਲ ਸ਼ਿਕਾਇਤਕਰਤਾ ਗੱਗੂ ਸਿੰਘ, ਪਾਲ ਸਿੰਘ ਤੇ ਜਗਸੀਰ ਸਿੰਘ ਜ਼ਖ਼ਮੀ ਹੋ ਗਏ ਸਨ ਤੇ ਬੀਤੀ 15 ਨਵੰਬਰ ਨੂੰ ਇਲਾਜ ਦੌਰਾਨ ਜ਼ਖ਼ਮੀ ਜਗਸੀਰ ਸਿੰਘ ਦੀ ਮੌਤ ਹੋ ਗਈ ਸੀ। ਉਸ ਦਿਨ ਤੋਂ ਹੀ ਪੀੜਤ ਪਰਿਵਾਰ ਉਸ ਦੀ ਲਾਸ਼ ਪਿੰਡ ਸਿੰਘਾਂਵਾਲਾ ਦੇ ਮ੍ਰਿਤਕ ਦੇਹ ਸੰਭਾਲ ਕੇਂਦਰ ਵਿੱਚ ਰੱਖ ਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਦੋ ਦਿਨ ਪਹਿਲਾਂ ਉਨ੍ਹਾਂ ਥਾਣਾ ਧਰਮਕੋਟ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਪਰ ਅੱਜ ਰੋਹ ਵਿੱਚ ਆਏ ਪੀੜਤ ਪਰਿਵਾਰ, ਸਤਿਕਾਰ ਕਮੇਟੀ ਆਗੂ ਸੁਖਜੀਤ ਖੋਸਾ ਤੇ ਹੋਰਾਂ ਨੇ ਪੁਲੀਸ ’ਤੇ ਢਿੱਲੀ ਜਾਂਚ ਦਾ ਦੋਸ਼ ਲਾਉਂਦਿਆਂ ਥਾਣਾ ਧਰਮਕੋਟ ਅੱਗੇ ਮ੍ਰਿਤਕ ਦਾ ਸਸਕਾਰ ਕਰਨ ਲਈ ਚਿਖਾ ਚਿਣ ਦਿੱਤੀ। ਦੇਰ ਰਾਤ ਤੱਕ ਪੁਲੀਸ ਅਧਿਕਾਰੀਆਂ ਦੀ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ ਨਾਕਾਮ ਰਹੀ ਅਤੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਸੀ।