ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਦੇਰ-ਰਾਤ ਤੱਕ ਠੇਕੇ ਦੇ ਸ਼ਟਰ ਦੀ ਮੋਰੀ ਰਾਹੀਂ ਸ਼ਰਾਬ ਆਮ ਵਿਕ ਰਹੀ ਹੈ ਤੇ ਦੁਪਹਿਰ ਬਾਅਦ ਸਬਜ਼ੀ ਔਖੀ ਮਿਲ ਰਹੀ ਹੈ। ਹੂਟਰ ਵਜਦੇ ਹੀ ਪੁਲੀਸ ਦੇ ਡਰ ਕਾਰਨ ਸਬਜ਼ੀ ਦੀਆਂ ਰੇਹੜੀਆਂ-ਫੜੀਆਂ ਵਾਲਿਆਂ ਨੂੰ ਭਾਜੜ ਪੈ ਜਾਂਦੀ ਹੈ। ਕਰੋਨਾ ਦੇ ਕਹਿਰ ਕਾਰਨ ਗ਼ਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋਣ ਲੱਗੇ ਹਨ। ਦੁਪਹਿਰ 2 ਵਜੇ ਹੀ ਪੁਲੀਸ ਹੂਟਰ ਮਾਰਨ ਲੱਗ ਜਾਂਦੀ ਹੈ ਤਾਂ ਜ਼ਰੂਰੀ ਸਾਮਾਨ ਦੀਆਂ ਵਸਤੂਆਂ ਵਾਲੀਆਂ ਦੁਕਾਨਾਂ ਦੇ ਸ਼ਟਰ ਡਿੱਗਣ ਲੱਗ ਪੈਂਦੇ ਹਨ। ਕਰੋਨਾ ਤਾਲਾਬੰਦੀ ਵਿੱਚ ਦਿਹਾੜੀਦਾਰ ਮਜ਼ਦੂਰਾਂ ਤੇ ਰੇਹੜੀ ਫੜੀ ਵਾਲਿਆਂ ਤੇ ਹੋਰ ਗ਼ਰੀਬ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ। ਭਾਵੇਂ ਸਮੂਹ ਕਾਰੋਬਾਰਾਂ ’ਤੇ ਬੁਰਾ ਅਸਰ ਪਿਆ ਹੈ ਪਰ ਗ਼ਰੀਬ ਪਰਿਵਾਰ ਤਾਂ ਰੱਬ ਆਸਰੇ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ। ਤਾਲਾਬੰਦੀ ਕਾਰਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਹੋਣ ਲੱਗ ਪਈ ਹੈ। ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਕਾਰਨ ਉਨ੍ਹਾਂ ਦੀਆਂ ਸਬਜ਼ੀਆਂ ਖ਼ਰਾਬ ਹੋ ਰਹੀਆਂ ਹਨ। ਉਨ੍ਹਾਂ ਨੂੰ ਪਲੀਸ ਦਬਕੇ ਮਾਰ ਕੇ ਭਜਾ ਦਿੰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਸਬਜ਼ੀ ਵੇਚਣ ਲਈ ਸ਼ਾਮ 8 ਵਜੇ ਤੱਕ ਦਾ ਸਮਾਂ ਕਰਨ ਦੀ ਮੰਗ ਕੀਤੀ ਹੈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਰੇਹੜੀ ਆਦਿ ਨੇੜੇ ਭੀੜ ਨੂੰ ਰੋਕਣਾ ਪੁਲੀਸ ਦੀ ਡਿਊਟੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸੜਕਾਂ ’ਤੇ ਘੁੰਮਣ ਵਾਲੇ ਖੁੱਲ੍ਹੀ ਜੇਲ੍ਹ ਵਿੱਚ ਬੰਦ ਕੀਤੇ ਜਾਣਗੇ।