ਪੱਤਰ ਪ੍ਰੇਰਕ
ਗਿੱਦੜਬਾਹਾ, 7 ਅਪਰੈਲ
ਗਿੱਦੜਬਾਹਾ ਦੀ ਸਮਾਜਿਕ ਸੰਸਥਾ ਧਰਮ ਬੋਰਡ ਦੇ ਪ੍ਰਧਾਨ ਦੀ ਚੋਣ ਲਈ ਕੱਚਾ ਤੇ ਪੱਕਾ ਆੜ੍ਹਤੀਆਂ ਵੱਲੋਂ ਬੀਤੀ ਦੇਰ ਸ਼ਾਮ ਮੰਡੀ ਵਾਲੀ ਧਰਮਸ਼ਾਲਾ ’ਚ ਮੀਟਿੰਗ ਰੱਖੀ ਸੀ ਜਿਸ ’ਚ ਆੜ੍ਹਤੀਆਂ ਤੋਂ ਇਲਾਵਾ ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ, ਪਨਸੀਡ ਦੇ ਸਾਬਕਾ ਚੇਅਰਮੈਨ ਅਸ਼ੋਕ ਧੀਰ ਤੇ ਆਮ ਆਦਮੀ ਪਾਰਟੀ ਦੀ ਹਲਕਾ ਗਿੱਦੜਬਾਹਾ ਤੋਂ ਚੋਣ ਲੜਣ ਵਾਲੇ ਐਡਵੋਕੇਟ ਪ੍ਰਿਤਪਾਲ ਪਾਲੀ ਆਦਿ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਹਾਜ਼ਰ ਕੁਝ ਵਿਅਕਤੀਆਂ ਵੱਲੋਂ ਅਨਿਲ ਗਰਗ ਲੀਲਾ ਦਾ ਨਾਂ ਪ੍ਰਧਾਨ ਵਜੋਂ ਪੇਸ਼ ਕੀਤਾ ਗਿਆ ਪਰ ਇਸੇ ਦੌਰਾਨ ਕੁਝ ਵਿਅਕਤੀਆਂ ਦੀ ਆਪਸ ’ਚ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਮੀਟਿੰਗ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਇਸੇ ਦੌਰਾਨ ‘ਆਪ’ ਆਗੂ ਐਡਵੋਕੇਟ ਪ੍ਰਿਤਪਾਲ ਪਾਲੀ ਤੇ ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ ਮੀਟਿੰਗ ਰੂਮ ਵਿੱਚੋਂ ਬਾਹਰ ਚਲੇ ਗਏ, ਜਦੋਂਕਿ ਮੌਜੂਦ ਆੜ੍ਹਤੀਆਂ ਵੱਲੋਂ ਸਹਿਮਤੀ ਦਿੰਦੇ ਹੋਏ ਅਨਿਲ ਗਰਗ ਲੀਲਾ ਨੂੰ ਧਰਮ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਸਵਰਨ ਸਿੰਘ ਗਰਗ ਇਸ ਧਰਮ ਬੋਰਡ ਦੇ ਪ੍ਰਧਾਨ ਸਨ ਪਰ ਉਨ੍ਹਾਂ ਬੋਰਡ ਦੀ ਪ੍ਰਧਾਨਗੀ ਤੋਂ ਕੁਝ ਅਰਸਾ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਉਧਰ, ਇਸ ਮੌਕੇ ‘ਆਪ’ ਆਗੂ ਐਡਵੋਕੇਟ ਪ੍ਰਿਤਪਾਲ ਪਾਲੀ ਨੇ ਕਿਹਾ ਕਿ ਉਹ ਧਰਮ ਬੋਰਡ ਤੇ ਇਸਦੇ ਅਧੀਨ ਚੱਲਦੀਆਂ ਸੰਸਥਾਵਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸ਼ਹਿਰ ਦੇ ਸਾਰੇ ਵਿਅਕਤੀਆਂ ਨੂੰ ਲੈ ਕੇ ਕਮੇਟੀ ਬਣਾਉਣ ਦੇ ਇਛੁੱਕ ਸਨ ਪਰ ਇਨ੍ਹਾਂ ਸੰਸਥਾਵਾਂ ਨੂੰ ਪਹਿਲਾਂ ਤੋਂ ਚਲਾ ਰਹੇ ਵਿਅਕਤੀ ਕਦੇ ਕਿਸੇ ਤੇ ਕਦੇ ਕਿਸੇ ਵਿਅਕਤੀ ਨੂੰ ਪ੍ਰਧਾਨਗੀ ਦੇਣਾ ਚਾਹੁੰਦੇ ਸਨ ਜਿਸ ਲਈ ‘ਆਪ’ ਰਾਜ਼ੀ ਨਹੀਂ ਸੀ। ਇਸ ਲਈ ਉਹ ਮੀਟਿੰਗ ’ਚੋਂ ਬਾਹਰ ਆ ਗਏ। ਇਸ ਸਬੰਧੀ ਸਾਬਕਾ ਚੇਅਰਮੈਨ ਐਡਵੋਕੇਟ ਅਸ਼ੋਕ ਧੀਰ ਨੇ ਕਿਹਾ ਕਿ ਧਰਮ ਬੋਰਡ ਸਮਾਜਿਕ ਸੰਸਥਾ ਹੈ ਤੇ ਇਸ ’ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਬੀਤੇ 20 ਸਾਲਾਂ ਦੌਰਾਨ ਰਾਜ ਕਰਨ ਵਾਲੀਆਂ ਸਿਆਸੀ ਪਾਰਟੀ ਨੇ ਧਰਮ ਬੋਰਡ ਨੂੰ ਢਾਹ ਲਾਈ ਹੈ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਅਨਿਲ ਗਰਗ ਲੀਲਾ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਆੜ੍ਹਤੀਆਂ ਦੀ ਸਹਿਮਤੀ ਨਾਲ ਹੋਈ ਹੈ ਕਿਉਂਕਿ ਧਰਮ ਬੋਰਡ ਨੂੰ ਆੜ੍ਹਤੀਏ ਹੀ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਧਰਮ ਬੋਰਡ ਦੀ ਬਾਕੀ ਕਾਰਜਕਾਰਨੀ ਦਾ ਐਲਾਨ ਉਹ ਜਲਦੀ ਕਰਨਗੇ।