ਪਰਸ਼ੋਤਮ ਬੱਲੀ
ਬਰਨਾਲਾ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਜ਼ਿਲ੍ਹੇ ਵਿੱਚ ਪੂਰਨ ਹੁੰਗਾਰਾ ਮਿਲਿਆ। ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਕਸਬਿਆਂ ਦੀਆਂ ਦੁਕਾਨਾਂ ਬੰਦ ਰਹੀਆਂ। ਜਨਤਕ ਆਵਾਜਾਈ ਐਮਰਜੈਂਸੀ ਸੇਵਾਵਾਂ ਛੱਡ ਕੇ ਮੁਕੰਮਲ ਬੰਦ ਰਹੀ। ਬਰਨਾਲਾ ਸਟੇਸ਼ਨ ’ਤੇ ਚੱਲ ਰਿਹਾ ਸਾਂਝਾ ਕਿਸਾਨ ਧਰਨਾ ਅੱਜ ਰੇਲਵੇ ਟਰੈਕ ’ਤੇ ਲੱਗਾ ਜਿੱਥੇ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਰਹੀ ਜਿਨ੍ਹਾਂ ਮੋਦੀ ਹਕੂਮਤ ਖਿਲਾਫ਼ ਗਰਜ਼ਦਿਆਂ ਅਸਮਾਨ ਗੂੰਜਣ ਲਾ ਦਿੱਤਾ। ਇੱਥੇ ਸੋਮਪਾਲ ਹੀਰਾ ਦੀ ਨਿਰਦੇਸ਼ਣਾ ਹੇਠ ‘ਹਾਂ, ਮੈਂ ਅੰਦੋਲਨ ਜੀਵੀ ਹਾਂ’ ਖੇਡਿਆ ਗਿਆ। ਧਰਨੇ ਨੂੰ ਨਰਾਇਣ ਦੱਤ, ਡਾ. ਰਜਿੰਦਰਪਾਲ, ਬਲਵੰਤ ਉਪਲੀ, ਗੁਰਦੇਵ ਮਾਂਗੇਵਾਲ, ਕਰਮਜੀਤ ਬੀਹਲਾ, ਤਰਸੇਮ ਭੱਠਲ, ਗੁਰਜੰਟ ਹਮੀਦੀ, ਸੁਖਵਿੰਦਰ ਠੀਕਰੀਵਾਲ, ਬਾਬੂ ਸਿੰਘ, ਹਰਚਰਨ ਚੰਨਾ, ਗੁਰਮੀਤ ਸੁਖਪੁਰਾ, ਪ੍ਰੇਮਪਾਲ ਕੌਰ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੰਦ ਦੌਰਾਨ ਵਪਾਰ ਮੰਡਲ, ਆੜ੍ਹਤੀਆ ਐਸੋਸੀਏਸ਼ਨ, ਤਰਕਸ਼ੀਲ ਸੁਸਾਇਟੀ, ਡੀ.ਟੀ.ਐੱਫ., ਏ.ਐੱਫ.ਡੀ.ਆਰ., ਪ.ਸ.ਫ.ਫ., ਪਾਵਰਕਾਮ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਪੈਨਸਨਰਜ਼ ਐਸੋਸਏਸ਼ਨ ਸਮੇਤ ਕਈ ਹੋਰਨਾਂ ਜਥੇਬੰਦੀਆਂ ਨੇ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਸੰਯੁਕਤ ਮੋਰਚਾ ਨਾਲ ਸੰਬਧਿਤ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਦੇ 12 ਸਥਾਨਾਂ ਮਹਿਲ ਕਲਾਂ, ਸਹਿਜੜਾ, ਸੰਘੇੜਾ ਰਿਲਾਇੰਸ ਪੰਪ, ਧਨੌਲਾ, ਹੰਡਿਆਇਆ, ਤਪਾ, ਪੱਖੋ ਕੈਂਚੀਆਂ, ਭਦੌੜ ਤੇ ਅਸਪਾਲ ਕਲਾਂ ਵਿੱਚ ਆਵਾਜਾਈ ਬੰਦ ਕੀਤੀ ਗਈ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਨੂੰ ਤਨੋਮਨੋ ਸਹਿਯੋਗ ਦਿੰਦਿਆਂ ਬਡਬਰ ਟੌਲ ਪਲਾਜਾ, ਭੀਖੀ ਰੋਡ ਧਨੌਲਾ, ਮਾਨਸਾ-ਬਰਨਾਲਾ ਰੋਡ, ਹੰਡਿਆਇਆ-ਬਠਿੰਡਾ ਰੋਡ, ਮੋਗਾ ਰੋਡ, ਬਰਨਾਲਾ-ਭਦੌੜ ਰੋਡ, ਚੀਮਾਂ, ਸ਼ਹਿਣਾ, ਮਹਿਲ ਕਲਾਂ, ਸੰਘੇੜਾ-ਮਲੇਰਕੋਟਲਾ ਆਦਿ ਥਾਵਾਂ ’ਤੇ ਭਰਵੇਂ ਇਕੱਠਾਂ ਨਾਲ ਸਫਲ ਟਰੈਫਿਕ ਜਾਮ ਲਾ ਕੇ ਸਮਰਥਨ ਦਿੱਤਾ।
ਖੱਬੇ ਪੱਖੀ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਵੀ ਸ਼ਮੁੂਲੀਅਤ
ਖੱਬੇ ਪੱਖੀ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਏਕਟੂ ਦੇ ਸੂਬਾ ਆਗੂ ਕਾ. ਗੁਰਪ੍ਰੀਤ ਸਿੰਘ ਰੂੜੇਕੇ, ਏਟਕ ਦੇ ਖੁਸ਼ੀਆ ਸਿੰਘ ਤੇ ਜੁਗਰਾਜ ਸਿੰਘ ਰਾਮਾ, ਸੀਟੂ ਪੰਜਾਬ ਦੇ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਮਜ਼ਦੂਰਾਂ ਦੇ ਕਾਫ਼ਲਿਆਂ ਨੇ ਬੀਡੀਪੀਓ ਬਰਨਾਲਾ ਦਫ਼ਤਰ ਤੋਂ ਹੰਡਿਆਇਆ ਚੌਕ ਦੇ ਧਰਨੇ ’ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਲਜੀਤ ਕੌਰ ਹੰਡਿਆਇਆ, ਸਤਨਾਮ ਸਿੰਘ ਮੱਲ੍ਹੀਆਂ, ਪ੍ਰਕਾਸ਼ ਸਿੰਘ ਸੱਦੋਵਾਲ, ਮੋਹਣ ਸਿੰਘ ਬਰਨਾਲਾ, ਸਵਰਨ ਸਿੰਘ ਜੰਗੀਆਣਾ, ਸਾਧੂ ਸਿੰਘ ਛੀਨੀਵਾਲ ਕਲਾਂ, ਮਲਕੀਤ ਸਿੰਘ, ਬੂਟਾ ਸਿੰਘ ਧੌਲਾ ਅਤੇ ਗੁਰਮੇਲ ਸਿੰਘ ਆਦਿ ਆਗੂ ਵੀ ਸ਼ਾਮਲ ਸਨ।