ਪਵਨ ਗੋਇਲ
ਭੁੱਚੋ ਮੰਡੀ, 13 ਅਕਤੂਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ‘ਤੇ ਬੈਸਟ ਪ੍ਰਾਈਸ ਅੱਗੇ ਨਸ਼ੇ ‘ਚ ਟੁੱਲ ਕਾਰ ਚਾਲਕ ਵੱਲੋਂ ਦੋ ਮੋਟਰਸਾਈਕਲਾਂ ਨੂੰ ਪਿੱਛੋਂ ਟੱਕਰ ਮਾਰੇ ਜਾਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸਹਾਰਾ ਕਲੱਬ ਭੁੱਚੋ ਦੇ ਵਰਕਰਾਂ ਨੇ ਕਿਸਾਨਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਆਦੇਸ਼ ਵਿੱਚ ਦਾਖ਼ਲ ਕਰਵਾਇਆ। ਇਹ ਦੁਰਘਟਨਾ ਕਿਸਾਨਾਂ ਵੱਲੋਂ ਬੈਸਟ ਪ੍ਰਾਈਸ ਅੱਗੇ ਚੱਲ ਰਹੇ ਧਰਨੇ ਨੇੜੇ ਵਾਪਰੀ।
ਇਸ ਮੌਕੇ ਸਹਾਰਾ ਵਰਕਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਨਸ਼ੇ ‘ਚ ਟੁੱਲ ਕਾਰ ਚਾਲਕ ਨੇ ਭੁੱਚੋ ਕੈਂਚੀਆਂ ਅਤੇ ਟੌਲ ਪਲਾਜ਼ਾ ਨਜ਼ਦੀਕ ਵੀ ਦੋ ਵਹੀਕਲਾਂ ਨੂੰ ਫੇਟ ਮਾਰੀ ਹੈ। ਮੋਟਸਾਈਕਲ ਸਵਾਰਾਂ ਵਿੱਚੋਂ ਪਿੰਡ ਮਿਠੜੀ ਦੇ ਪਲਵਿੰਦਰ ਸਿੰਘ ਦੇ ਸਿਰ ਵਿੱਚ ਸੱਟ ਹੈ ਅਤੇ ਉਹ ਬੇਹੋਸ਼ ਹੈ, ਜਦੋਂ ਕਿ ਅਮਰਪੁਰਾ ਬਸਤੀ ਬਠਿੰਡਾ ਦੇ ਵਿਕਾਸ ਅਤੇ ਅਮਨ ਦੇ ਮਮੂਲੀ ਸੱਟਾਂ ਹਨ। ਤਿੰਨੇ ਜ਼ਖ਼ਮੀ ਆਦੇਸ਼ ਵਿੱਚ ਭਰਤੀ ਹਨ। ਪੁਲੀਸ ਅਧਿਕਾਰੀ ਅਨੁਸਾਰ ਕਾਰ ਚਾਲਕ ਦਾ ਨਾਮ ਜਗਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਧਰਮਕੋਟ ਹੈ। ਬਠਿੰਡਾ ਛਾਉਣੀ ਦੇ ਐੱਸਐੱਚਓ ਗੁਰਮੀਤ ਸਿੰਘ ਨੂੰ ਕਈ ਵਾਰ ਫੋਨ ਕੀਤਾ। ਉਨ੍ਹਾਂ ਫੋਨ ਨਹੀਂ ਚੁੱਕਿਆ।