ਹਰਦੀਪ ਸਿੰਘ
ਫ਼ਤਿਹਗੜ੍ਹ ਪੰਜਤੂਰ, 18 ਮਈ
ਇੱਥੇ ਆਯੂਰਵੈਦਿਕ ਯੂਨਾਨੀ ਦਵਾਖਾਨਾ ਕਈ ਵਰ੍ਹਿਆਂ ਤੋਂ ਗੁੰਮਨਾਮੀ ਦੀ ਹਾਲਤ ’ਚ ਹੈ। ਵਿਭਾਗ ਦੇ ਕਾਗਜ਼ਾ ’ਚ ਚੱਲ ਰਹੀ ਇਸ ਆਯੁਰਵੈਦਿਕ ਡਿਸਪੈਂਸਰੀ ’ਚ 16 ਮਈ ਨੂੰ ਨਿਯੁਕਤ ਹੋਇਆ ਉਪ ਵੈਦ ਦਵਾਖਾਨੇ ਦੀ ਤਲਾਸ਼ ਲਈ ਮਾਰੇ-ਮਾਰੇ ਫਿਰ ਰਿਹਾ ਹੈ। ਜ਼ਿਲ੍ਹਾ ਸਿਹਤ ਵਿਭਾਗ ਇਸ ਆਯੂਰਵੈਦਿਕ ਡਿਸਪੈਂਸਰੀ ਦੀ ਮੁੜ ਸਥਾਪਤੀ ਲਈ ਸੰਜੀਦਾ ਨਹੀਂ ਹੈ। 2008 ’ਚ ਭਾਰਤ ਸਰਕਾਰ ਦੀ ਦਿਹਾਤੀ ਸਿਹਤ ਮਿਸ਼ਨ ਯੋਜਨਾ ਤਹਿਤ ਇਸ ਆਯੁਰਵੈਦਿਕ ਡਿਸਪੈਂਸਰੀ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ’ਚ ਸਥਾਪਤ ਕੀਤਾ ਗਿਆ ਸੀ। 2017 ਤੱਕ ਡਿਸਪੈਂਸਰੀ ਮਰੀਜ਼ਾਂ ਨੂੰ ਆਯੂਰਵੈਦਿਕ ਇਲਾਜ ਰਾਹੀਂ ਸਿਹਤਯਾਬ ਕਰਦੀ ਰਹੀ ਹੈ। 2017 ’ਚ ਸਿਹਤ ਵਿਭਾਗ ਨੇ ਆਪਣੇ ਹਸਪਤਾਲ ਨੂੰ ਨਵੀਂ ਬਣਾਈ ਆਧੁਨਿਕ ਇਮਾਰਤ ’ਚ ਤਬਦੀਲ ਕਰ ਦਿੱਤਾ। ਉਦੋਂ ਤੋਂ ਅੱਜ ਤੱਕ ਆਯੂਰਵੈਦਿਕ ਦਵਾਖਾਨੇ ਦਾ ਕੋਈ ਟਿਕਾਣਾ ਨਹੀਂ ਬਣ ਸਕਿਆ। ਉਂਝ ਵਿਭਾਗ ਦੇ ਕਾਗਜ਼ਾਂ ’ਚ ਇਹ ਡਿਸਪੈਂਸਰੀ ਚੱਲ ਰਹੀ ਹੈ। ਪੰਜਾਬੀ ਟ੍ਰਿਬਿਊਨ ’ਚ ਲੰਘੇ 9 ਨਵੰਬਰ ਦੇ ਅੰਕ ’ਚ ਇਸ ਡਿਸਪੈਂਸਰੀ ਦੀ ਤਲਾਸ਼ ਲਈ ਵਿਸਥਾਰ ਸਹਿਤ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਸੀ। ਵਿਭਾਗ ਦੇ ਡਾਇਰੈਕਟਰ ਪੂਨਮ ਵਸ਼ਿਸ਼ਟ ਨੇ ਉਸ ਵੇਲੇ ਆਯੂਰਵੈਦਿਕ ਡਿਸਪੈਂਸਰੀ ਨੂੰ ਜਲਦੀ ਸਥਾਪਤ ਕਰਨ ਦਾ ਭਰੋਸਾ ਦਿੱਤਾ ਸੀ। ਉਸ ਵੇਲੇ ਦੇ ਉਪ ਵੈਦ ਗੁਰਜਿੰਦਰ ਸਿੰਘ ਨੇ ਦੱਸਿਆ ਸੀ ਕਿ ਨਗਰ ਪੰਚਾਇਤ ਨੇ ਜਿੱਥੇ ਡਿਸਪੈਂਸਰੀ ਦੀ ਇਮਾਰਤ ’ਤੇ ਕਬਜ਼ਾ ਕਰ ਲਿਆ ਹੈ, ਉੱਥੇ ਨਾਲ ਹੀ ਡਿਸਪੈਂਸਰੀ ਦੇ ਸਾਰੇ ਸਾਜ਼ੋ ਸਾਮਾਨ ਨੂੰ ਵੀ ਖੁਰਦ ਬੁਰਦ ਕਰ ਦਿੱਤਾ ਹੈ।