ਸੀ ਮਾਰਕੰਡਾ
ਤਪਾ ਮੰਡੀ, 20 ਅਗਸਤ
ਇੱਥੇ ਇਕ ਦੁਕਾਨ ਦੇ ਮਾਲਕ ਸੁਰੇਸ਼ ਕੁਮਾਰ ਦੀ ਕਿਰਾਏਦਾਰ ਭਰਾਵਾਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਹੱਥੋਪਾਈ ਦੌਰਾਨ ਮਾਲਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਪੇਟੀਆਂ ਦੇ ਕਾਰੋਬਾਰੀ ਸੁਰੇਸ਼ ਕੁਮਾਰ ਦੀ ਇਮਾਰਤ ਲੰਬੇ ਸਮੇਂ ਤੋ ਦੋ ਭਰਾਵਾਂ ਨੇ ਕਿਰਾਏ ’ਤੇ ਲਈ ਹੋਈ ਸੀ। ਅੱਜ ਦਿਨ ਵੇਲੇ ਇਮਾਰਤ ਦੇ ਮਾਲਕ ਅਤੇ ਉਸ ਦੇ ਪੁੱਤਰ ਦੀ ਕਿਰਾਏਦਾਰਾਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋ ਗਈ। ਗੁਆਂਢੀਆਂ ਨੇ ਵਿੱਚ ਪੈ ਕੇ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ ਪਰ ਉਸ ਤੋਂ ਬਾਅਦ ਕਿਰਾਏਦਾਰ ਭਰਾ ਰੋਹਿਤ ਕੁਮਾਰ ਤੇ ਸੁਖਮਨੀ ਮੁੜ ਉਨ੍ਹਾਂ ਦੀ ਦੁਕਾਨ ’ਤੇ ਆ ਗਏ ਜਿਸ ਨਾਲ ਮਾਮਲਾ ਫਿਰ ਭੱਖ ਗਿਆ। ਮ੍ਰਿਤਕ ਸੁਰੇਸ਼ ਕੁਮਾਰ ਦੇ ਭਰਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਦੋਵੇਂ ਕਿਰਾਏਦਾਰ ਭਰਾਵਾਂ ਵੱਲ ਪਿਛਲੇ ਕਈ ਸਾਲਾਂ ਤੋਂ ਕਿਰਾਇਆ ਖੜ੍ਹਾ ਸੀ ਤੇ ਉਹ ਲਗਾਤਾਰ ਟਾਲ-ਮਟੋਲ ਕਰਦੇ ਆ ਰਹੇ ਸਨ। ਉਨ੍ਹਾਂ ਕਿਰਾਇਆ ਦੇਣ ਦਾ ਅੱਜ ਵਾਅਦਾ ਕੀਤਾ ਸੀ ਪਰ ਅੱਜ ਜਦੋਂ ਸਵੇਰ ਵੇਲੇ ਉਸ ਦਾ ਭਰਾ ਅਤੇ ਭਤੀਜੇ ਨੇ ਉਨ੍ਹਾਂ ਕੋਲੋਂ ਕਿਰਾਏ ਦੀ ਮੰਗ ਕੀਤੀ ਤਾਂ ਅੱਗਿਓਂ ਦੋਵੇਂ ਭਰਾਵਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਿਰਾਏਦਾਰਂ ਵੱਲੋਂ ਕੀਤੀ ਗਈ ਕੁੱਟਮਾਰ ਦੌਰਾਨ ਉਸ ਦਾ ਭਰਾ ਸੁਰੇਸ਼ ਕੁਮਾਰ ਡਿੱਗ ਕੇ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਸਬੰਧੀ ਜਾਣਕਾਰੀ ਮਿਲਣ ’ਤੇ ਥਾਣਾ ਮੁਖੀ ਜਗਜੀਤ ਸਿੰਘ ਅਤੇ ਸਿਟੀ ਇੰਚਾਰਜ ਸਰਬਜੀਤ ਸਿੰਘ ਮੌਕੇ ’ਤੇ ਪੁੱਜ ਗਏ। ਉੱਧਰ, ਪੁਲੀਸ ਨੇ ਕਿਰਾਏਦਾਰ ਭਰਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਜਾ ਰਿਹਾ ਸੀ।