ਰਾਜਵਿੰਦਰ ਰੌਂਤਾ
ਮੋਗਾ /ਨਿਹਾਲ ਸਿੰਘ ਵਾਲਾ, 10 ਜੂਨ
ਪੰਜਾਬ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਸੇਵੀ ਸੰੰਸਥਾਵਾਂ ਤੇ ਵਾਤਾਵਰਨ ਪ੍ਰੇਮੀ ਸਿਰਫ਼ ਚਿੰਤਤ ਹੀ ਨਹੀਂ ਸਗੋਂ ਪੱਲਿਉਂ ਪੈਸੇ ਖਰਚ ਕੇ ਆਪਣਾ ਯੋਗਦਾਨ ਪਾ ਰਹੇ ਹਨ, ਪ੍ਰੰਤੂ ਦੂਜੇ ਪਾਸੇ ਸਥਾਨਕ ਨਗਰ ਨਿਗਮ ਵੱਲੋਂ 17 ਲੱਖ ਦੇ ਬੂਟੇ ਅਤੇ ਚਾਰ ਲੱਖ ਦਾ ਘਾਹ ਸਿਰਫ਼ ਕਾਗਜ਼ਾਂ ਵਿੱਚ ਹੀ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਨੇ ਪੰਜਾਬ ਸਰਕਾਰ ਤੇ ਸਬੰਧਤ ਅਧਿਕਾਰੀਆਂ ਨੂੰ ਦਰਖਾਸਤ ਭੇਜ ਕੇ ਘਪਲੇਬਾਜ਼ਾਂ ਦਾ ਪਰਦਾਫ਼ਾਸ਼ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਮਨਚੰਦਾ ਕਲੋਨੀ, ਭੀਮ ਨਗਰ ਆਦਿ ਪਾਰਕਾਂ ਦੀ ਸਾਂਭ ਸੰਭਾਲ ਤੇ ਬੂਟੇ ਲਗਾਉਣ ਲਈ ਸਤਾਰਾਂ ਲੱਖ ਦੇ ਕੀਮਤੀ ਬੂਟੇ ਖਰੀਦ ਕੇ ਲਗਾਏ ਹਨ ਅਤੇ ਲੰਡੇਕੇ ਤੇ ਬੱਗੇਆਣੇ ਬਸਤੀ ਆਦਿ ਥਾਵਾਂ ਤੇ ਘਾਹ ਦੀ ਖਰੀਦ ’ਤੇ ਚਾਰ ਲੱਖ ਰੁਪਏ ਖਰਚੇ ਦਿਖਾਏ ਗਏ ਹਨ। ਸੰਤੋਖ ਸਿੰਘ ਵੱਲੋਂ ਇਹ ਕਥਿਤ ਕੱਚਾ ਚਿੱਠਾ ਖੋਲ੍ਹਣ ਨਾਲ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਨਾ ਟ੍ਰੀ ਗਾਰਡ ਹਨ, ਨਾ ਕਿਤੇ ਨਵੇਂ ਬੂਟੇ ਦਿਸਦੇ ਹਨ ਅਤੇ ਨਾ ਹੀ ਘਾਹ ਲਹਿਰਾ ਰਿਹਾ ਹੈ। ਸਿਰਫ਼ ਚਾਰ ਮਾਲੀ ਹਨ ਉਹ ਐਨਾ ਕੰਮ ਕਿਵੇਂ ਸੰਭਾਲਣਗੇ। ਜੰਗਲਾਤ ਵਿਭਾਗ, ਆਹਲੂਵਾਲੀਆ ਨਰਸਰੀ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਸਸਤੇ ਤੇ ਮੁਫ਼ਤ ਬੂਟੇ ਵੀ ਲਗਵਾ ਰਹੇ ਪਰ ਐਨੇ ਜ਼ਿਆਦਾ ਕੀਮਤੀ ਬੂਟੇ ਲਗਵਾਉਣ ਲਈ ਲੱਖਾਂ ਰੁਪਏ ਖਰਚਣਾ ਵੀ ਲੋਕਾਂ ਦੀ ਸਮਝ ਤੋਂ ਬਾਅਰ ਹੈ। ਰੂਰਲ ਐਨਜੀਓ ਦੇ ਜ਼ਿਲ੍ਹਾ ਚੇਅਰਮੈਨ ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਇਕ ਪਾਸੇ ਲੋਕ ਕੁਦਰਤ ਤੇ ਆਲਾ ਦੁਆਲਾ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ ਤੇ ਦੂਜੇ ਪਾਸੇ ਸਰਕਾਰੀ ਨੁਮਾਇੰਦੇ ਲੋਕਾਂ ਦੇ ਪੈਸੇ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਬੇਪਰਦ ਕਰਕੇ ਕਾਰਵਾਈ ਕੀਤੀ ਜਾਵੇ। ਸਾਬਕਾ ਕੌਂਸਲਰ ਪ੍ਰੇਮ ਸਿੰਘ ਨੇ ਕਿਹਾ ਕਿ ਲੋਕਾਂ ਦੇ ਪੈਸੇ ਟੈਕਸ ਦੀ ਦੁਰਵਰਤੋਂ ਕਰਕੇ ਲੱਖਾਂ ਰੁਪਏ ਦਾ ਘਪਲਾ ਕਮਿਸ਼ਨਰ ਤੱਕ ਮਿਲੀ ਭੁਗਤ ਦਾ ਨਤੀਜਾ ਹੈ। ਮਤਾ ਪਾ ਕੇ ਗੌਰ ਨਾ ਕਰਨ ਵਾਲੇ ਕੌਂਸਲਰ ਵੀ ਇਸ ਲਈ ਜ਼ਿੰਮੇਵਾਰ ਹਨ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਟੈਂਡਰ ’ਤੇ ਮੇਰੇ ਦਸਤਖ਼ਤ ਨਹੀਂ: ਮੇਅਰ
ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਸ ਟੈਂਡਰ ’ਤੇ ਉਨ੍ਹਾਂ ਦੇ ਦਸਤਖਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਦੀ ਜਾਂਚ ਲਈ ਦਰਖਾਸਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੰਜ ਨੰਬਰ ਵਾਰਡ ਵਿੱਚ ਕੋਈ ਬੂਟਾ ਲੱਗਿਆ ਨਜ਼ਰ ਹੀ ਨਹੀਂ ਆਇਆ।