ਸ੍ਰੀ ਮੁਕਤਸਰ ਸਾਹਿਬ(ਗੁਰਸੇਵਕ ਸਿੰਘ ਪ੍ਰੀਤ): ਪਿੰਡ ਝਬੇਲਵਾਲੀ ਸਰਕਾਰੀ ਸਕੂਲ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਨਿਊਦੀਪ ਕੰਪਨੀ ਦੀ ਬੱਸ ਕੈਂਟਰ ਨੂੰ ਪਾਸ ਕਰਦੇ ਹੋਏ ਧੁੰਦ ਕਾਰਨ ਅਚਾਨਕ ਦਰੱਖਤ ਨਾਲ ਟਕਰਾਅ ਗਈ। ਹਾਦਸੇ ਦੌਰਾਨ ਤਿੰਨ ਵਿਅਕਤੀ ਜਖ਼ਮੀ ਹੋ ਗਏ ਜਦਿਕ ਬੱਸ ਦੀ ਕੰਡਕਟਰ ਸਾਈਡ ਦਰੱਖਤ ’ਚ ਵੱਜਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।ਨਿਊ ਦੀਪ ਬੱਸ ਨੰਬਰ ਪੀਬੀ 04 ਏਸੀ 6548 ਜੋ ਰੋਜ਼ਾਨਾ ਵਾਂਗ ਆਪਣੇ ਰੂਟ ਮੁਤਾਬਿਕ ਅਬੋਹਰ-ਪੰਨੀਵਾਲਾ ਤੋਂ ਸਵੇਰੇ 6.45 ’ਤੇ ਸ੍ਰੀ ਅੰਮ੍ਰਿਤਸਰ ਲਈ ਜਾ ਰਹੀ ਸੀ, ਜਦੋਂ ਉਹ ਕੋਟਕਪੂਰਾ ਰੋਡ ਸਥਿਤ ਪਿੰਡ ਝਬੇਲਵਾਲੀ ਦੇ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨੂੰ ਪਾਸ ਕਰਦੇ ਸਮੇਂ ਧੁੰਦ ਜ਼ਿਆਦਾ ਹੋਣ ਕਾਰਨ ਸੜਕ ਨੇੜੇ ਦਰੱਖ਼ਤ ਨਾਲ ਜਾ ਟਕਰਾਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਓਧਰ ਥਾਣਾ ਬਰੀਵਾਲਾ ਦੇ ਇੰਚਾਰਜ ਰਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਹ ਸਿਰਫ ਕੁਦਰਤੀ ਹਾਦਸਾ ਹੈ, ਜੋ ਧੁੰਦ ਕਾਰਨ ਵਾਪਰਿਆ।