ਜੋਗਿੰਦਰ ਸਿੰਘ ਮਾਨ
ਮਾਨਸਾ, 10 ਮਾਰਚ
ਮਾਨਸਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਝਾੜੂ ਨੂੰ ਹੁੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ, ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਉਤੇ ਪਾਰਟੀ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜੇਤੂ ਰਹੇ ਹਨ। ਇਥੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਰੀ ਅੰਤਰ ਨਾਲ ਹਾਰ ਗਏ ਹਨ, ਜਦੋਂਕਿ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਦੋ ਰਵਾਇਤੀ ਵਿਰੋਧੀ ਮੋਫ਼ਰ ਅਤੇ ਭੂੰਦੜ ਪਰਿਵਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਮੈਦਾਨ ਵਿੱਚ ਉਤਰੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ 63323 ਦੇ ਵੱਡੇ ਫ਼ਰਕ ਨਾਲ ਹਰਾਇਆ।
ਸਾਰੇ ਰਾਊਂਡ ਗਿਣਨ ਤੋਂ ਬਾਅਦ ਜੇਤੂ ਉਮੀਦਵਾਰ ਡਾ. ਵਿਜੈ ਸਿੰਗਲਾ ਨੂੰ 100023 ਵੋਟਾਂ ਹਾਸਲ ਹੋਈਆਂ, ਜਦੋਂ ਕਿ ਸਿੱਧੂ ਮੂਸੇਵਾਲਾ ਨੂੰ 36700 ਵੋਟਾਂ ਹੀ ਮਿਲ ਸਕੀਆਂ ਹਨ,ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਅਰੋੜਾ 27180 ਵੋਟਾਂ ਲੈਣ ਕਾਮਯਾਬ ਹੋਏ। ਇਹ ਤਿੰਨੋ ਉਮੀਦਵਾਰ ਪਹਿਲੀ ਵਾਰ ਮੈਦਾਨ ਵਿੱਚ ਉਤਰੇ ਸਨ। ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਮੈਦਾਨ ਵਿੱਚ ਉਤਰੇ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ 41371 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਆਪ ਉਮੀਦਵਾਰ ਬਣਾਂਵਾਲੀ ਸਾਰੇ ਰਾਊਂਡ ਪੂਰੇ ਹੋਣ ਤੋਂ ਬਾਅਦ 75817 ਵੋਟਾਂ ਪਈਆਂ ਹਨ। ਦੂਜੇ ਸਥਾਨ ਉਪਰ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਦੇ ਪੁੱਤਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਕਰਮ ਸਿੰਘ ਮੋਫ਼ਰ ਆਏ ਹਨ, ਜਿਨਾਂ ਨੂੰ 34446 ਵੋਟਾਂ ਮਿਲੀਆਂ ਜਦੋਂਕਿ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ 31757 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਰੰਸੀਪਲ ਬੁੱਧਰਾਮ ਨੇ ਸ੍ਰੋਮਣੀ ਅਕਾਲੀ ਦਲ ਵੱਲੋਂ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੂੰ 51691 ਨਾਲ ਹਰਾਇਆ। ਸਾਰੇ ਰਾਊਂਡ ਗਿਣਨ ਤੋਂ ਬਾਅਦ ਜੇਤੂ ਉਮੀਦਵਾਰ ਪਿ੍ਰੰਸੀਪਲ ਬੁੱਧਰਾਮ ਨੂੰ 88282 ਵੋਟਾਂ ਹਾਸਲ ਹੋਈਆਂ, ਜਦੋਂਕਿ ਡਾ. ਨਿਸ਼ਾਨ ਸਿੰਘ ਨੂੰ 36591 ਵੋਟਾਂ ਹੀ ਮਿਲ ਸਕੀਆਂ ਤੇ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਮੈਦਾਨ ’ਚ ਉਤਰੇ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਨੂੰ 21492 ਵੋਟਾਂ ਹੀ ਹਾਸਲ ਹੋਈਆਂ।