ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਫ਼ਰਵਰੀ
ਸਿੱਖ ਚਿਹਰਿਆਂ ’ਤੇ ਦਾਅ ਖੇਡ ਰਹੀ ਭਾਜਪਾ ਲਈ ਇਹ ਚੋਣਾਂ ਜਿੱਤਣੀਆਂ ਵੱਕਾਰ ਦਾ ਸਵਾਲ ਹਨ। ਖੇਤੀ ਕਾਨੂੰਨ ਰੱਦ ਕਰਵਾਉਣ ਦੌਰਾਨ ਕਿਸਾਨ ਅੰਦੋਲਨ ’ਚ ਕਰੀਬ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਬਾਅਦ ਕਿਸਾਨ ਵੋਟ ਬੈਂਕ ਵੰਡਿਆ ਗਿਆ ਹੈ। ਭਾਜਪਾ ਵੱਲੋਂ ਸੂਬੇ ’ਚ 67 ਵਿੱਚੋਂ 30 ਉਮੀਦਵਾਰ ਸਿੱਖ ਚਿਹਰੇ ਚੋਣ ਪਿੜ ’ਚ ਉਤਾਰੇ ਗਏ ਹਨ। ਪੀਐੱਲਸੀ ਦੇ ਕੈਪਟਨ ਅਮਰਿੰਦਰ ਸਿੰਘ ਸਮੇਤ 38 ਅਤੇ ਸੰਯੁਕਤ ਅਕਾਲੀ ਦਲ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਣੇ 12 ਉਮੀਦਵਾਰਾਂ ਤੇ ਭਾਜਪਾ ਉਮੀਦਵਾਰਾਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਫ਼ਤਿਹਜੰਗ ਸਿੰਘ ਬਾਜਵਾ, ਵਿਜੈ ਸਾਂਪਲਾ ਤੇ ਮੋਗਾ ਤੋਂ ਹਰਜੋਤ ਕਮਲ ਤੇ ਹੋਰਾਂ ਦੀ ਕਿਸਮਤ ਭਲਕੇ ਡੱਬਿਆਂ ਵਿੱਚ ਬੰਦ ਹੋ ਜਾਵੇਗੀ। ਭਾਜਪਾ ਵੱਲੋਂ ਦੋ ਸਾਬਕਾ ਆਈਏਐੱਸ ਅਧਿਕਾਰੀ ਐੱਸਆਰ ਲੱਧੜ ਅਤੇ ਡਾ. ਜਗਮੋਹਣ ਸਿੰਘ ਰਾਜੂ ਚੋਣ ਪਿੜ ’ਚ ਹਨ। ਸ੍ਰੀ ਲੱਧੜ ਦਾ ਸਾਬਕਾ ਆਈਏਐੱਸ ਤੇ ਮੌਜੂਦਾ ਹਾਕਮ ਧਿਰ ਵਿਧਾਇਕ ਵੈਦ ਕੁਲਦੀਪ ਸਿੰਘ ਨਾਲ ਮੁਕਾਬਲਾ ਹੈ। ਪੰਜਾਬ ਦੀ 75 ਫ਼ੀਸਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 40 ਸਹਿਰੀ, 51 ਅਰਧ ਸਹਿਰੀ ਅਤੇ 26 ਪੂਰੀ ਤਰ੍ਹਾਂ ਸਹਿਰੀ ਸੀਟਾਂ ਹਨ। ਸਿਰਫ 40 ਸੀਟਾਂ ਅਜਿਹੀਆਂ ਹਨ ਜਿੱਥੇ ਸਹਿਰੀ ਭਾਈਚਾਰੇ ਦਾ ਵੱਡਾ ਵੋਟ ਬੈਂਕ ਹੈ। ਬਾਕੀ 77 ਸੀਟਾਂ ’ਤੇ ਪੇਂਡੂ ਜਾਂ ਸਿੱਧੇ ਕਿਸਾਨਾਂ ਦਾ ਵੱਡਾ ਵੋਟ ਬੈਂਕ ਹੈ। ਮਾਲਵੇ ਵਿੱਚ 69, ਮਾਝੇ ਵਿੱਚ 25 ਅਤੇ ਦੁਆਬੇ ਵਿੱਚ 23 ਸੀਟਾਂ ਹਨ। ਸਭ ਤੋਂ ਵੱਧ ਸੀਟਾਂ ਵਾਲਾ ਮਾਲਵਾ ਖੇਤਰ ਕਿਸਾਨਾਂ ਦਾ ਗੜ੍ਹ ਹੈ। ਦੁਆਬੇ ਵਿੱਚ ਦਲਿਤ ਵੋਟ ਜ਼ਿਆਦਾ ਹਨ ਪਰ ਮਾਝੇ ਵਿੱਚ ਸਿੱਖ ਵੋਟ ਬੈਂਕ ਜ਼ਿਅਦਾ ਹੈ।