ਜੋਗਿੰਦਰ ਸਿੰਘ ਮਾਨ
ਮਾਨਸਾ, 17 ਦਸੰਬਰ
ਮਾਲਵਾ ਖੇਤਰ ਵਿੱਚ ਪੈ ਰਹੀ ਭਾਰੀ ਠੰਢ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਬਰੇਕ ਲਾ ਦਿੱਤੀ ਹੈ। ਨਿੱਤ ਦਿਨ ਕੰਮ ਧੰਦਾ ਕਰ ਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਵਾਲੇ ਲੋਕਾਂ ਲਈ ਇਹ ਠੰਢ ਵੱਡੀ ਮੁਸੀਬਤ ਬਣ ਰਹੀ ਹੈ। ਭਾਰੀ ਧੁੰਦ ਅਤੇ ਠੰਢ ਕਾਰਨ ਅਨੇਕਾਂ ਕੰਮ-ਕਾਜ ਠੱਪ ਹੋ ਕੇ ਰਹੇ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋ ਗਈ ਹੈ। ਉਹ ਦੋ ਦਿਨਾਂ ਤੋਂ ਸਾਰਾ-ਸਾਰਾ ਦਿਨ ਕੰਮ ਦੀ ਭਾਲ ਵਿਚ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ ’ਤੇ ਠੰਢ ਦੀ ਮਾਰ ਝੱਲਦਿਆਂ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਚੁੱਲੇ ਠੰਡੇ ਹੋ ਰਹੇ ਹਨ। ਸਰਦੀ ਕਾਰਨ ਬਜ਼ਾਰਾਂ ਵਿੱਚ ਰੌਣਕਾਂ ਨੂੰ ਠੱਲ ਪਈ ਹੈ। ਭਾਰੀ ਧੁੰਦ ਤੇ ਠੰਢ ਵਿੱਚ ਠਰੂ-ਠਰੂ ਕਰਦੇ ਸਕੂਲੀ ਬੱਚਿਆਂ ਦਾ ਬੁਰਾ ਹਾਲ ਹੈ। ਗਰਮ ਕੋਟੀਆਂ-ਸਵੈਟਰਾਂ ਵਿੱਚ ਲਿਪਟਣ ਦੇ ਬਾਵਜੂਦ ਠੰਡ ਇਨ੍ਹਾਂ ਦੇ ਸੀਨੇ ਠਾਰ ਰਹੀ ਹੈ। ਇਸ ਸਰਦੀ ਕਾਰਨ ਸ਼ਹਿਰਾਂ ਅਤੇ ਪਿੰਡਾਂ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਘਟਣ ਲੱਗੀ ਹੈ।
ਭਾਰੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾਈ ਬੁਲਾਰੇ ਹਰਦੀਪ ਸਿੰਘ ਸਿੱਧੂ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੰਢ ਦੇ ਮੱਦੇਨਜ਼ਰ ਸਕੂਲ ਦੇ ਸਵੇਰ ਸਮੇਂ ਵਿੱਚ ਮੁੜ ਤਬਦੀਲੀ ਕੀਤੀ ਜਾਵੇ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ 17 ਤੋਂ 22 ਦਸੰਬਰ ਤੱਕ ਪੰਜਾਬ ਵਿੱਚ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 20.0 – 21.0 ਅਤੇ ਘੱਟ ਤੋਂ ਘੱਟ ਤਾਪਮਾਨ 4.0-6.0 ਡਿਗਰੀ ਸੈਂਟੀਗਰੇਡ ਵਿਚਕਾਰ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਸਮੇਂ 97 ਤੋਂ 92 ਫੀਸਦੀ ਅਤੇ ਸ਼ਾਮ ਸਮੇਂ 80 ਤੋਂ 74 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੇ 4.0 ਤੋਂ 11.0 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ।
ਏਲਨਾਬਾਦ ਖੇਤਰ ਵਿੱਚ ਠੰਢ ਨੇ ਫੜਿਆ ਜ਼ੋਰ
ਏਲਨਾਬਾਦ (ਜਗਤਾਰ ਸਮਾਲਸਰ): ਇਲਾਕੇ ਵਿੱਚ ਅੱਜ ਪਈ ਪਹਿਲੀ ਧੁੰਦ ਨੇ ਵੀ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਅੱਜ ਸਵੇਰ ਤੋਂ ਹੀ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਰਹੀ ਅਤੇ ਸਾਰਾ ਦਿਨ ਹੀ ਠੰਢੀ ਹਵਾ ਚੱਲਦੀ ਰਹੀ। ਧੁੰਦ ਜ਼ਿਆਦਾ ਸੰਘਣੀ ਹੋਣ ਕਾਰਨ ਲੋਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪਿਆ ਅਤੇ ਵਾਹਨ ਸੜਕਾਂ ’ਤੇ ਹੌਲੀ ਗਤੀ ਵਿੱਚ ਚੱਲਦੇ ਨਜ਼ਰ ਆਏ।
ਧੁੰਦ ਵਿੱਚ ਕੈਂਟਰ ਦੀ ਦਰੱਖ਼ਤ ਨਾਲ ਟੱਕਰ ਕਾਰਨ ਡਰਾਈਵਰ ਦੀ ਮੌਤ
ਰੂੜੇਕੇ ਕਲਾਂ (ਪੱਤਰ ਪ੍ਰੇਰਕ): ਇੱਥੋਂ ਥੋੜ੍ਹੀ ਦੂਰ ਪੱਖੋ ਕਲਾਂ ਨਜ਼ਦੀਕ ਬਰਨਾਲਾ-ਮਾਨਸਾ ਸੜਕ ’ਤੇ ਬੀਤੀ ਰਾਤ ਧੁੰਦ ਕਾਰਨ ਇੱਕ ਕੈਂਟਰ ਦੀ ਸੜਕ ਕਿਨਾਰੇ ਖੜ੍ਹੇ ਦਰੱਖ਼ਤਾਂ ਨਾਲ ਟਕਰਾ ਜਾਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟੱਕਰ ਐਨੀ ਜਬਰਦਸਤ ਸੀ ਕਿ ਸੜਕ ਕਿਨਾਰੇ ਖੜ੍ਹੇ ਕਿੱਕਰ ਦੇ ਦੋ ਦਰੱਖ਼ਤ ਜੜ੍ਹਾਂ ’ਚੋਂ ਪੁੱਟੇ ਗਏ। ਥਾਣਾ ਰੂੜੇਕੇ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਪੜਤਾਲ ਕਰਨ ਉਪਰੰਤ ਦੱਸਿਆ ਕਿ ਕੈਂਟਰ ਨੰਬਰ ਐੱਚ.ਆਰ.57 ਏ. 6178 , ਜਿਸ ਨੂੰ ਸੋਹਣ ਲਾਲ ਪੁੱਤਰ ਧੰਨਾ ਰਾਮ ਵਾਸੀ ਰਾਜਸਥਾਨ ਚਲਾ ਰਿਹਾ ਸੀ, ਵਿੱਚ ਲੱਕੜ ਦਾ ਗਟਕਾ ਭਰਿਆ ਹੋਇਆ ਸੀ ਅਤੇ ਉਹ ਮਾਨਸਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਗੁਰਦੁਆਰਾ ਭਾਨੂੰ ਆਣਾ ਸਾਹਮਣੇ ਉਹ ਕਿਸੇ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤਾਂ ਨਾਲ ਜਾ ਟਕਰਾਇਆ ਜਿਸ ਕਾਰਨ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਵਾਰਿਸਾਂ ਨੂੰ ਦੇ ਦਿੱਤੀ ਗਈ ਅਤੇ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ