ਜੋਗਿੰਦਰ ਸਿੰਘ ਮਾਨ
ਮਾਨਸਾ, 20 ਦਸੰਬਰ
ਨਿੱਤ ਦਿਨ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਕੜਾਕੇ ਦੀ ਠੰਢ ਨੇ ਬਰੇਕਾਂ ਲਾ ਦਿੱਤੀਆਂ ਹਨ। ਮੌਸਮ ਦੀ ਮਾਰ ਕਾਰਨ ਇੱਕ ਪਾਸੇ ਰੁਜ਼ਗਾਰ ਮਿਲਣਾ ਮੁਸ਼ਕਲ ਹੋ ਗਿਆ ਹੈ, ਜਦੋਂ ਕਿ ਦੂਜੇ ਪਾਸੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਔਕੜਾਂ ਖੜ੍ਹੀਆਂ ਹੋ ਗਈਆਂ ਹਨ। ਝੁੱਗੀਆਂ-ਝੌਪੜੀਆਂ, ਢਾਰਿਆਂ ਅਤੇ ਕੱਚੇ ਮਕਾਨਾਂ ਵਿੱਚ ਰਹਿਣ ਵਾਲੇ ਗਰੀਬਾਂ ਕੋਲ ਠੰਢ ਤੋਂ ਬਚਾਅ ਲਈ ਨਾ ਹੀ ਲੋੜੀਂਦੇ ਕੱਪੜੇ ਹਨ, ਨਾ ਹੀ ਸਿਰ ਉੱਤੇ ਛੱਤ ਹੈ ਅਤੇ ਨਾ ਹੀ ਸ਼ਾਮ ਦੀ ਦਾਲ-ਰੋਟੀ ਲਈ ਘਰ ਵਿੱਚ ਰਾਸ਼ਨ ਹੈ। ਜਿਹੜੇ ਲੋਕ ਹਰ ਰੋਜ਼ ਕਮਾ ਕੇ ਜ਼ਿੰਦਗੀ ਬਸਰ ਕਰਦੇ ਹਨ ਉਨ੍ਹਾਂ ਲੋਕਾਂ ਲਈ ਹੁਣ ਠੰਢ ਕਾਰਨ ਕੰਮ ਨਾਲ ਮਿਲਣ ਸਦਕਾ ਪਰਿਵਾਰ ਪਾਲਣਾ ਔਖਾ ਹੋ ਗਿਆ ਹੈ। ਛੋਟੇ ਦੁਕਾਨਦਾਰ ਗਾਹਕ ਨੂੰ ਉਡੀਕ ਕੇ ਘਰਾਂ ਨੂੰ ਮੁੜ ਜਾਂਦੇ ਹਨ।
ਹਲਵਾਈ ਯੂਨੀਅਨ ਦੇ ਆਗੂ ਬੱਬੂ ਕੁਮਾਰ ਦਾ ਕਹਿਣਾ ਹੈ ਕਿ ਪੈਸੇ ਦੇ ਤੰਗੀ ਕਾਰਨ ਲੋਕ ਠੰਢ ਵਿੱਚ ਚਾਹ ਪੀਣ ਤੋਂ ਵੀ ਗੁਰੇਜ਼ ਕਰਦੇ ਹਨ, ਸਗੋਂ ਘਰਾਂ ਵਿੱਚੋਂ ਹੀ ਬਾਹਰ ਨਹੀਂ ਨਿਕਲਦੇ ਹਨ।
ਰਿਕਸ਼ਾ ਅਤੇ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਲੋਕ ਠੰਢ ਕਾਰਨ ਬਾਜ਼ਾਰ ਵਿੱਚ ਨਹੀਂ ਆਉਂਦੇ ਹਨ। ਇਹੋ ਹਾਲ ਸਬਜ਼ੀ ਤੇ ਮੂੰਗਫਲੀ ਵੇਚਣ ਅਤੇ ਹੋਰ ਦੁਕਾਨਦਾਰਾਂ ਦਾ ਹੈ।