ਪੱਤਰ ਪ੍ਰੇਰਕ
ਮਾਨਸਾ, 13 ਜਨਵਰੀ
ਪਹਾੜਾਂ ਤੋਂ ਚੱਲੀਆਂ ਬਰਫੀਲੀਆਂ ਹਵਾਵਾਂ ਨੇ ਮਾਲਵਾ ਖੇਤਰ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਮੌਸਮ ਵਿਭਾਗ ਮੁਤਾਬਿਕ ਧੁੰਦ ਅਤੇ ਬਰਫੀਲੀ ਹਵਾ ਦੀ ਤੇਜ਼ ਰਫ਼ਤਾਰ ਕਾਰਨ ਅੱਜ ਲੋਹੜੀ ਦੀ ਰਾਤ ਦਾ ਪਾਰਾ ਹੋਰ ਹੇਂਠਾ ਡਿੱਗਣ ਦਾ ਖਦਸ਼ਾ ਹੈ, ਜਦੋਂ ਕਿ ਭਲਕੇ ਮਾਘੀ ਸਮੇਤ ਤਿੰਨ ਦਿਨ ਸੀਤ ਲਹਿਰ ਤੋਂ ਕੋਈ ਰਾਹਤ ਮਿਲਣ ਦੀ ਆਸ ਨਹੀਂ ਹੈ।
ਉਧਰ ਮਾਲਵਾ ਖੇਤਰ ਵਿਚ ਨਿੱਤ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਕੜਾਕੇ ਦੀ ਠੰਢ ਅਤੇ ਧੁੰਦ ਨੇ ਬਰੇਕਾਂ ਲਾ ਦਿੱਤੀਆਂ ਹਨ। ਮੌਸਮ ਦੀ ਮਾਰ ਕਾਰਨ ਇੱਕ ਪਾਸੇ ਰੁਜ਼ਗਾਰ ਮਿਲਣਾ ਮੁਸ਼ਕਲ ਹੋ ਗਿਆ ਹੈ, ਜਦੋਂ ਕਿ ਦੂਜੇ ਪਾਸੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਔਕੜਾਂ ਖੜ੍ਹੀਆਂ ਹੋ ਗਈਆਂ ਹਨ। ਝੁੱਗੀਆਂ-ਝੌਪੜੀਆਂ, ਢਾਰਿਆਂ ਅਤੇ ਕੱਚੇ ਮਕਾਨਾਂ ਵਿਚ ਰਹਿਣ ਵਾਲੇ ਗਰੀਬਾਂ ਪਾਸ ਠੰਢ ਤੋਂ ਬਚਾਅ ਲਈ ਨਾ ਹੀ ਲੋੜੀਂਦੇ ਕੱਪੜੇ-ਲੀੜੇ ਹਨ, ਨਾ ਹੀ ਸਿਰ ਉਤੇ ਛੱਤ ਹੈ ਅਤੇ ਨਾ ਹੀ ਸ਼ਾਮ ਦੀ ਦਾਲ-ਰੋਟੀ ਲਈ ਘਰ ਵਿਚ ਰਾਸ਼ਨ। ਸਰਕਾਰੀ ਸਕੀਮਾਂ ਫਲਾਪ ਹੋਣ ਕਾਰਨ ਇਸ ਵਰਗ ਦਾ ਹੋਰ ਵੀ ਮਾੜਾ ਹਾਲ ਹੈ। ਐਲਾਨਾਂ ਦੇ ਬਾਵਜੂਦ ਨਾ ਹੀ ਗਰੀਬਾਂ ਲਈ ਸਸਤੇ ਮਕਾਨਾਂ ਦੀ ਉਸਾਰੀ ਹੋਈ ਹੈ ਅਤੇ ਨਾ ਹੀ ਮਾਨਸਾ ਸ਼ਹਿਰ ਵਿਚ ਅਜਿਹੇ ਕੋਈ ਰੈਣ ਬਸੇਰੇ ਬਣੇ ਹਨ। ਛੱਤਾਂ ਤੋਂ ਵਾਂਝੇ ਇਨ੍ਹਾਂ ਗਰੀਬ ਪੇਂਡੂ ਅਤੇ ਸ਼ਹਿਰੀ ਲੋਕਾਂ ਲਈ ਜ਼ਿੰਦਗੀ ਜਿਉਣਾ ਮੁਹਾਲ ਬਣਿਆ ਹੋਇਆ ਹੈ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ 5.2 ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਦਿਨ ਧੁੰਦ ਵੀ ਪੈਂਦੀ ਰਹੇਗੀ ਅਤੇ ਬਾਅਦ ਦੁਪਹਿਰ ਬੱਦਲਬਾਈ ਵੀ ਹੁੰਦੀ ਰਹੇਗੀ ਅਤੇ ਸੂਰਜ ਦੇ ਦਰਸ਼ਨ ਘੱਟ ਹੀ ਹੋਣਗੇ, ਜਦੋਂ ਕਿ ਠੰਢੀਆਂ ਹਵਾਵਾਂ ਦਾ ਪ੍ਰਕੋਪ ਲਗਾਤਾਰ ਜਾਰੀ ਰਹੇਗਾ।