ਪੱਤਰ ਪ੍ਰੇਰਕ
ਮਾਨਸਾ, 29 ਜੂਨ
ਪੰਜਾਬ ਵਿੱਚ ਭਲਕੇ ਤੋਂ ਮੀਂਹ ਦੀ ਕੀਤੀ ਗਈ ਭਵਿੱਖਬਾਣੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਜ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਵਾਲੀਆਂ ਥਾਵਾਂ ਦਾ ਜਾਇਜ਼ਾ ਲੈਕੇ ਸਾਰੇ ਪ੍ਰਬੰਧਾਂ ਨੂੰ ਮੁਆਇਨਾ ਕੀਤਾ ਗਿਆ। ਮਾਨਸਾ ਦੇ ਐੱਸ.ਡੀ.ਐੱਮ. ਪੂਨਮ ਸਿੰਘ ਨੇ ਕਾਰਜ ਸਾਧਕ ਅਫ਼ਸਰ ਮਾਨਸਾ, ਉਪ ਮੰਡਲ ਅਫ਼ਸਰ ਸੀਵਰੇਜ ਬੋਰਡ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੌਨਸੂਨ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧਾਂ ਨੂੰ ਲੈਕੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਮਾਨਸਾ ਸ਼ਹਿਰ ਦੇ ਅੰਡਰ ਬਰਿੱਜ ’ਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸੀਵਰੇਜ ਅਧਿਕਾਰੀਆਂ ਨੂੰ ਸਮਾਂ ਰਹਿੰਦਿਆਂ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਚੰਗੀ ਤਰ੍ਹਾਂ ਦੇਖਕੇ ਸਾਫ਼-ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਲੋਕਾਂ ਨੂੰ ਬਰਸਾਤਾਂ ਦੌਰਾਨ ਕੋਈ ਦਰਪੇਸ਼ ਸਮੱਸਿਆ ਪੇਸ਼ ਨਾ ਆਵੇ। ਇਸੇ ਦੌਰਾਨ ਬੱਸ ਸਟੈਂਡ ਨੇੜਲੇ ਮੁਹੱਲਿਆਂ ਦੇ ਲੋਕਾਂ ਨੇ ਪਾਣੀ ਨਿਕਾਸੀ ਸਿਸਟਮ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ।