ਪੱਤਰ ਪ੍ਰੇਰਕ
ਲੰਬੀ, 6 ਜੁਲਾਈ
ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਦੀ ਪਵਨਪ੍ਰੀਤ ਕੌਰ 650 ਵਿੱਚੋਂ 633 ਅੰਕਾਂ (97.38 ਫ਼ੀਸਦੀ) ਨਾਲ ਪੰਜਾਬ ਭਰ ਵਿੱਚ ਮੈਰਿਟ ਵਿੱਚ ਆਈ ਹੈ। ਉਸਨੇ ਪੰਜਾਬ ਵਿੱਚੋਂ 11ਵਾਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਦੂਜਾ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਰਿਤੂ ਨੰਦਾ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਦੇ ਇਲਾਵਾ ਖੁਸ਼ਨੂਰ 624 (96 ਫ਼ੀਸਦੀ) ਅੰਕਾਂ ਨਾਲ ਦੂਜੇ ਅਤੇ ਲਵਦੀਪ ਸ਼ਰਮਾ 622 (95.69 ਫ਼ੀਸਦੀ) ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀਆਂ। ਪ੍ਰਿੰਸੀਪਲ ਅਨੁਸਾਰ, ਦਸਵੀਂ ਜਮਾਤ ਦੇ 68 ਵਿਦਿਆਰਥੀਆਂ ਵਿੱਚੋਂ 29 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਜਦਕਿ ਬਾਕੀ ਸਾਰੇ ਵਿਦਿਆਰਥੀ ਵੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਸੁਚੱਜਾ ਨਤੀਜਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਤਾਲੇਮਲ ਸਦਕਾ ਸੰਭਵ ਹੋ ਸਕਿਆ ਹੈ।