ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 5 ਸਤੰਬਰ
ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੇ ਸਮੂਹ ਸਟਾਫ਼ ਨੂੰ ਸੰਬੋਧਨ ਕਰਦਿਆਂ ਅੱਤਰੀ ਨੇ ਕਿਹਾ ਕਿ ਅਧਿਆਪਕ ਗਿਆਨ ਦਾ ਸਰੋਤ ਹੋਣ ਦੇ ਨਾਲ ਨਾਲ ਵਿਦਿਆਰਥੀ ਲਈ ਆਦਰਸ਼ ਹੁੰਦੇ ਹਨ। ਵਿਦਿਆਰਥੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਅਧਿਆਪਕ ਨੂੰ ਪਹਿਲਾਂ ਆਪਣਾ ਆਚਰਨ ਤੇ ਚਰਿੱਤਰ ਉਸਾਰਨਾ ਪੈਂਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਸਮਾਜਿਕ ਕਦਰਾਂ ਕੀਮਤਾਂ ਨੂੰ ਸਨਮੁੱਖ ਰੱਖ ਕੇ ਦਿੱਤੀ ਵਿੱਦਿਆ ਹੀ ਸਭਿਆਚਾਰਕ ਰਹੁ ਰੀਤਾਂ ਨੂੰ ਬਚਾ ਸਕਦੀ ਹੈ। ਸਮਾਗਮ ਵਿਚ ਪੁੱਜੇ ਮਹਿਮਾਨਾਂ ਨੂੰ ਵਾਈਸ ਪ੍ਰਿੰਸੀਪਲ ਤਾਰਾ ਸਿੰਘ ਸੰਘੇੜਾ ਨੇ ਜੀ ਆਇਆਂ ਕਿਹਾ ਤੇ ਧੰਨਵਾਦ ਦੀ ਰਸਮ ਸਕੂਲ ਪ੍ਰਿੰਸੀਪਲ ਡਾ. ਰਵਿੰਦਰ ਕੌਰ ਨੇ ਕੀਤੀ।