ਪਰਮਜੀਤ ਸਿੰਘ
ਫਾਜ਼ਿਲਕਾ, 30 ਜੁਲਾਈ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਫ਼ਾਜ਼ਿਲਕਾ ਅਧੀਨ ਆਉਂਦੀ ਸਬ ਤਹਿਸੀਲ ਅਰਨੀਵਾਲਾ ਅਤੇ ਬਲਾਕ ਵਿਕਾਸ ਪੰਚਾਇਤ ਦਫ਼ਤਰ (ਬੀਡੀਪੀਓ) ਦੇ ਦਫ਼ਤਰਾਂ ਵਿੱਚ ਜਾਂਦੀ ਬਿਜਲੀ ਸਪਲਾਈ ਦੇ ਕੁਨੈਕਸ਼ਨ ਕੱਟ ਦਿੱਤੇ ਹਨ।
ਐੱਸਡੀਓ ਜਸਪ੍ਰੀਤ ਸਿੰਘ ਮੱਲ੍ਹਣ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਦੀਆਂ ਹਦਾਇਤਾਂ ਮੁਤਾਬਕ ਨਿਗਰਾਨ ਇੰਜੀਨੀਅਰਿੰਗ ਸੀਐੱਮਡੀ ਪਾਵਰਕੌਮ ਸਰਕਲ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ‘ਤੇ ਉਕਤ ਦਫ਼ਤਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਕਿਉਂਕਿ ਇਨ੍ਹਾਂ ਵੱਲੋਂ ਬਕਾਇਆ ਬਿੱਲ ਦੀ ਰਾਸ਼ੀ ਨਹੀਂ ਭਰੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਕਾਰਪੋਰੇਸ਼ਨ ਵੱਲੋਂ ਉਕਤ ਦੋਨਾਂ ਦਫ਼ਤਰਾਂ ਨੂੰ ਲਿਖਤੀ ਨੋਟਿਸ ਭੇਜੇ ਗਏ ਪ੍ਰੰਤੂ ਦਫ਼ਤਰਾਂ ਵਲੋਂ ਬਿਜਲੀ ਬਕਾਇਆ ਬਿੱਲਾਂ ਦੀ ਰਾਸ਼ੀ ਅਦਾ ਨਹੀਂ ਕੀਤੀ ਗਈ ਜਿਸ ਕਾਰਨ ਕਾਰਪੋਰੇਸ਼ਨ ਦੇ ਨਿਰਦੇਸ਼ਾਂ ਮੁਤਾਬਕ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਕੁਨੈਕਸ਼ਨ ਕੱਟਣਾ ਪਿਆ। ਐੱਸਡੀਓ ਨੇ ਦੱਸਿਆ ਕਿ ਸਬ ਤਹਿਸੀਲ ਅਰਨੀਵਾਲਾ ਵੱਲ ਪੰਜ ਲੱਖ ਅਤੇ ਬੀਡੀਪੀਓ ਦਫ਼ਤਰ ਵੱਲ ਕਰੀਬ ਢਾਈ ਲੱਖ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਸੀ ਪ੍ਰੰਤੂ ਉਨ੍ਹਾਂ ਵੱਲੋਂ ਅਦਾ ਨਹੀਂ ਕੀਤਾ ਗਿਆ।