ਪ੍ਰਭੂ ਦਿਆਲ
ਸਿਰਸਾ, 19 ਸਤੰਬਰ
ਕਿਸਾਨਾਂ ਦੀ ਜਿਣਸ ਖ਼ਰੀਦ ਲਈ ਈ -ਨੇਮ ਪ੍ਰਣਾਲੀ ਸ਼ੁਰੂ ਕੀਤੇ ਜਾਣ ਦੇ ਵਿਰੋਧ ਵਿੱਚ ਆੜ੍ਹਤੀ ਐਸੋਸੀਏਸ਼ਨ ਵੱਲੋਂ ਹੜਤਾਲ ਕਰਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਬੇਮਿਆਦੀ ਧਰਨਾ ਸ਼ੁਰੂ ਕਰ ਦਿੱਤਾ। ਆੜ੍ਹਤੀਆਂ ਦੀ ਹੜਤਾਲ ਨੂੰ ਜਿਥੇ ਮੰਡੀ ਮਜ਼ਦੂਰ ਯੂਨੀਅਨ ਤੇ ਮੁਨੀਮ ਐਸੋਸੀਏਸ਼ਨ ਨੇ ਹਮਾਇਤ ਦਿੱਤੀ, ਉਥੇ ਕਿਸਾਨ ਸਭਾ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ।
ਹਰਿਆਣਾ ਸਰਕਾਰ ਵੱਲੋਂ ਮੰਡੀਆਂ ’ਚ ਕਿਸਾਨਾਂ ਦੀ ਜਿਣਸ ਖ਼ਰੀਦ ਲਈ ਈ ਨੇਮ ਪ੍ਰਣਾਲੀ ਸ਼ੁਰੂ ਕੀਤੇ ਜਾਣ ਦੇ ਵਿਰੋਧ ਵਿੱਚ ਆੜ੍ਹਤੀ ਐਸੋਸੀਏਸ਼ਨ ਨੇ ਅੱਜ ਮੰਡੀਆਂ ਬੰਦ ਕਰਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆੜ੍ਹਤੀਆਂ ਦੀ ਹੜਤਾਲ ਕਾਰਨ ਅੱਜ ਮੰਡੀ ’ਚ ਕੋਈ ਵੀ ਜਿਣਸ ਨਹੀਂ ਵਿਕੀ।
ਏਲਨਾਬਾਦ (ਜਗਤਾਰ ਸਮਾਲਸਰ): ਹਰਿਆਣਾ ਸਰਕਾਰ ਵਲੋਂ ਪ੍ਰਾਈਵੇਟ ਈ-ਨੇਮ ਪ੍ਰਣਾਲੀ ਲਾਗੂ ਕਰਨ ਦੇ ਵਿਰੋਧ ਵਜ਼ੋ ਅੱਜ ਸਥਾਨਕ ਕੱਚਾ ਆੜ੍ਹਤੀ ਐਸੋਸੀਏਸ਼ਨ ਵਲੋਂ ਮਾਰਕੀਟ ਕਮੇਟੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਵਿੱਚ ਜਿੰਨਰ, ਕੱਚਾ ਆੜ੍ਹਤੀ, ਪੱਕੇ ਆੜ੍ਹਤੀ, ਕਿਸਾਨ, ਮਜ਼ਦੂਰ, ਦਲਾਲ ਅਤੇ ਮਨੀਮ ਸ਼ਾਮਲ ਹੋਏ।
ਕਾਲਾਂਵਾਲੀ (ਭੁਪਿੰਦਰ ਸਿੰਘ ਪੰਨੀਵਾਲੀਆ): ਹਰਿਆਣਾ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਈ-ਨੇਮ ਪ੍ਰਣਾਲੀ ਦੇ ਵਿਰੋਧ ’ਚ ਆੜ੍ਹਤੀਆ ਐਸੋਸੀਏਸ਼ਨ ਕਾਲਾਂਵਾਲੀ ਦੇ ਬੈਨਰ ਹੇਠ ਆੜ੍ਹਤੀਆਂ ਨੇ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ| ਸਮੂਹ ਆੜ੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਹੜਤਾਲ ਦਾ ਸਮਰਥਨ ਕੀਤਾ|
ਲੰਬੀ (ਇਕਬਾਲ ਸਿੰਘ ਸ਼ਾਂਤ): ਈ-ਨੇਮ ਪ੍ਰਣਾਲੀ ਦੇ ਵਿਰੋਧ ਅਤੇ ਹੱਕੀ ਮੰਗਾਂ ਲਈ ਅੱਜ ਤੋਂ ਡੱਬਵਾਲੀ ਦੇ ਸਮੂਹ ਆੜਤੀਆਂ ਨੇ ਕਾਰੋਬਾਰ ਅਤੇ ਦੁਕਾਨਾਂ ਬੰਦ ਰੱਖੀਆਂ। ਇਸ ਤਹਿਤ ਆੜ੍ਹਤੀਆਂ ਨੇ ਹੜਤਾਲ ਦੇ ਪਹਿਲੇ ਦਿਨ ਮਾਰਕੀਟ ਕਮੇਟੀ ਦਫ਼ਤਰ ਕੰਪਲੈਕਸ ’ਚ ਧਰਨਾ ਦਿੱਤਾ।