ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ 30 ਮਈ
ਇਥੇ ਸ਼ਹਿਰ ਵਿੱਚ ਸੀਵਰੇਜ, ਪੀਣ ਵਾਲੇ ਪਾਣੀ, ਸਫਾਈ, ਗਲੀਆਂ-ਨਾਲੀਆਂ, ਨਾਜਾਇਜ਼ ਕਬਜ਼ਿਆਂ ਦੇ ਸਥਾਈ ਹੱਲ ਲਈ ਵਿਧਾਨ ਸਭਾ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਯੂਡੀ ਪਰਮਦੀਪ ਸਿੰਘ, ਐੱਸਡੀਐੱਮ ਕੋਟਕਪੂਰਾ ਵੀਰਪਾਲ ਕੌਰ, ਨਗਰ ਕੌਂਸਲ ਦੇ ਪ੍ਰਧਾਨ ਸਮੇਤ ਨਗਰ ਕੌਂਸਲ ਸੀਵਰੇਜ, ਨਗਰ ਸੁਧਾਰ ਟਰੱਸਟ ਦੇ ਅਧਿਕਾਰੀਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਸ਼ਾਮਲ ਸਨ। ਉਨ੍ਹਾਂ ਨੂੰ ਸਮੱਸਿਆ ਦੇ ਸਮਾਂਬੱਧ ਹੱਲ ਲਈ ਆਦੇਸ਼ ਜਾਰੀ ਕੀਤੇ ਗਏ। ਸ੍ਰੀ ਸੰਧਵਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਨਾ ਮਿਲਣ ਸਬੰਧੀ ਵੱਡੇ ਪੱਧਰ ’ਤੇ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਸੀਵਰੇਜ ਦੀ ਸਮੱਸਿਆ, ਨਾਜਾਇਜ਼ ਕਬਜ਼ਿਆਂ ਵਰਗੀਆਂ ਅਨੇਕਾਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਆਦੇਸ਼ ਦਿੱਤੇ ਕਿ ਬਰਸਾਤੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਵਰੇਜ ਸਿਸਟਮ ਦੀ ਸਫ਼ਾਈ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਸੀਵਰੇਜ ਦੇ ਰਹਿੰਦੇ ਕੰਮਾਂ ਨੂੰ ਵੀ ਬਰਸਾਤ ਤੋਂ ਪਹਿਲਾਂ ਹਰ ਹਾਲ ਵਿੱਚ ਮੁਕੰਮਲ ਕੀਤਾ ਜਾਵੇ। ਉਨ੍ਹਾਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਨੂੰ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨਗਰ ਕੌਂਸਲ ਨੂੰ ਸਖਤ ਆਦੇਸ਼ ਦਿੱਤੇ ਕਿ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ਿਆਂ ਨੂੰ ਹਰ ਹਾਲ ਵਿੱਚ ਖਤਮ ਕੀਤਾ ਜਾਵੇ ਤੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਦਰਖੱਤ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਦੇਵੀਵਾਲਾ ਰੋਡ ’ਤੇ 9 ਕਰੋੜ 50 ਲੱਖ ਦੀ ਲਾਗਤ ਨਾਲ ਸੀਵਰੇਜ ਪਲਾਂਟ ਚਾਲੂ ਹੋ ਚੁੱਕਾ ਹੈ।
ਉਨ੍ਹਾਂ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸ਼ਹਿਰ ਦੀ ਸਫ਼ਾਈ, ਵਿਕਾਸ ਲਈ ਕੰਮ ਕਰਨ ਅਤੇ ਉਨ੍ਹਾਂ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੰਧਵਾਂ ਵੱਲੋਂ ਆਦਰਸ਼ ਸਕੂਲ ਦਾ ਮੈਗਜ਼ੀਨ ‘ਆਦਰਸ਼ ਜੋਤ’ ਰਿਲੀਜ਼
ਗਿੱਦੜਬਾਹਾ: ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚਲਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਭਾਈ ਦਾ ਸਾਲਾਨਾ ਸਕੂਲ ਮੈਗਜ਼ੀਨ ਆਦਰਸ਼ ਜੋਤ ਰਿਲੀਜ਼ ਕੀਤਾ ਗਿਆ। ਮਾਣਯੋਗ ਸਪੀਕਰ ਸਾਹਿਬ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾਕਟਰ ਮਨੀਸ਼ਾ ਗੁਪਤਾ, ਸੀਨੀਅਰ ਲੈਕਚਰਾਰ ਮਨਦੀਪ ਕੌਰ ਅਤੇ ਕਮਲਪ੍ਰੀਤ ਲੈਕਚਰਾਰ ਫਿਜ਼ਿਕਸ ਵੱਲੋਂ ਸਕੂਲ ਦੀਆਂ ਉਪਲੱਬਧੀਆਂ ਉਪਰ ਚਾਣਨਾ ਪਾਇਆ ਗਿਆ। -ਪੱਤਰ ਪ੍ਰੇਰਕ