ਪੱਤਰ ਪ੍ਰੇਰਕ
ਮਹਿਲ ਕਲਾਂ, 2 ਮਈ
ਮਗਨਰੇਗਾ ਤਹਿਤ ਕੰੰਮ ਨਾ ਮਿਲਣ ਦੇ ਰੋਸ ਵਜੋਂ ਨੇੜਲੇ ਪਿੰਡ ਕਲਾਲ ਮਾਜਰਾ ਦੇ ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਗਨਰੇਗਾ ਤਹਿਤ ਕੰੰਮ ਦੀ ਮੰਗ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ਤਹਿਤ ਜ਼ਿਲ੍ਹੇ ਦੀ ਅਫਸਰਸ਼ਾਹੀ ਮਗਨਰੇਗਾ ਤਹਿਤ ਕੰਮ ਦੇਣ ਤੋਂ ਇਨਕਾਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਗਨਰੇਗਾ ਦਾ ਕੰੰਮ ਵੇਖ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਮਜ਼ਦੂਰ ਕਈ ਵਾਰ ਮਿਲ ਚੁੱਕੇ ਹਨ ਪਰ ਅਫਸਰਸ਼ਾਹੀ ਅਜੇ ਵੀ ਡਰੇਨਾ ਦੀ ਸਫ਼ਾਈ ਦਾ ਕੰਮ ਮਜ਼ਦੂਰਾਂ ਤੋਂ ਕਰਵਾਉਣ ਲਈ ਹਾਮੀ ਨਹੀਂ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਦਿਨਾਂ ਦੇ ਮੱਦੇਨਜ਼ਰ ਡਰੇਨੇਜ਼ ਵਿਭਾਗ ਵੱਲੋਂ ਪਿੰਡ ਕੁਰੜ ਤੋਂ ਚੀਮਾ-ਜੋਧਪੁਰ ਤੱਕ ਡਰੇਨ ਦੀ ਸਫਾਈ ਦਾ ਕੰਮ ਮਗਨਰੇਗਾ ਮਜ਼ਦੂਰਾਂ ਰਾਹੀਂ ਕਰਵਾਉਣਾ ਚਾਹੀਦਾ ਹੈ ਤੇ ਜੇਕਰ ਅਫਸਰਸ਼ਾਹੀ ਇਹ ਕੰਮ ਮਗਨਰੇਗਾ ਤਹਿਤ ਨਹੀਂ ਕਰਵਾਉਂਦੀ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ। ਜੇਕਰ ਸਰਕਾਰ ਨੇ ਵੀ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਕੀਤਾ ਜਾਵੇਗਾ।