ਖੇਤਰੀ ਪ੍ਰਤੀਨਿਧ
ਬਰਨਾਲਾ, 4 ਅਕਤੂਬਰ
ਸਥਾਨਕ ਖੁੱਡੀ ਨਾਕਾ ਰੇਲਵੇ ਪੁਲ ਅੰਡਰਪਾਸ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਅੰਡਰਪਾਸ ਐਕਸ਼ਨ ਕਮੇਟੀ ਦਾ ਵਫ਼ਦ ਅੱਜ ਐੱਸਡੀਐੱਮ ਬਰਨਾਲਾ ਨੂੰ ਮਿਲਿਆ ਤੇ ਖੁੱਡੀ ਨਾਕੇ ’ਤੇ ਗਲਤ ਢੰਗ ਨਾਲ ਉਸਰੇ ਰੇਲਵੇ ਪੁਲ ਹੇਠ ਫੌਰੀ ਅੰਡਰਪਾਸ ਬਣਾਉਣ ਦੀ ਮੰਗ ਕੀਤੀ। ਐਕਸ਼ਨ ਕਮੇਟੀ ਵਫ਼ਦ ਆਗੂ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਾਜਿੰਦਰ ਪਾਲ, ਕਿਸਾਨ ਆਗੂ ਬਾਬੂ ਸਿੰਘ ਖੁੱਡੀ ਕਲਾਂ ਤੇ ਜਮਹੂਰੀ ਅਧਿਕਾਰ ਸਭਾ ਦੇ ਹਰਚਰਨ ਸਿੰਘ ਚਹਿਲ ਨੇ ਐੱਸਡੀਐੱਮ ਗੋਪਾਲ ਸਿੰਘ ਨੂੰ ਇਸ ਪੁਲ ਦੇ ਗਲਤ ਡਿਜ਼ਾਇਨ ਕਾਰਨ ਹੋ ਰਹੇ ਹਾਦਸਿਆਂ ਬਾਰੇ ਵਿਸਥਾਰ ਵਿੱਚ ਅੰਕੜਿਆਂ ਸਮੇਤ ਜਾਣੂ ਕਰਵਾਇਆ। ਆਗੂਆਂ ਨੇ ਕਿਹਾ ਕਿ ਪਿਛਲੇ ਮਹਿਜ ਇਕ ਸਾਲ ਦੌਰਾਨ ਇਕੱਲੇ ਖੁੱਡੀ ਕਲਾਂ ਪਿੰਡ ਦੇ ਤਿੰਨ ਨੌਜਵਾਨ ਇਸ ਗਲਤ ਪੁਲ ਦੀ ਭੇਟ ਚੜ੍ਹ ਚੁੱਕੇ ਹਨ। ਐੱਸਡੀਐੱਮ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਲਦੀ ਹੀ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਮਹਿੰਦਰ ਸਿੰਘ, ਸੁਖਦੇਵ ਸਿੰਘ, ਡਾਕਟਰ ਹਰਪ੍ਰੀਤ, ਬਲਵਿੰਦਰ ਰਿਸ਼ੀ, ਬਲਦੇਵ ਸਿੰਘ ਅਤੇ ਕਰਮ ਸਿੰਘ ਆਦਿ ਵੀ ਹਾਜ਼ਰ ਸਨ।