ਪੱਤਰ ਪ੍ਰੇਰਕ
ਏਲਨਾਬਾਦ, 13 ਮਾਰਚ
ਪਿੰਡ ਭੁਰਟਵਾਲਾ ਵਿੱਚ ਨਹਿਰ ਤੋਂ ਵਾਟਰ ਵਰਕਸ ਤੱਕ ਪਾਈ ਗਈ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੇ ਇੱਕ ਸਾਲ ਬਾਅਦ ਹੀ ਖ਼ਸਤਾ ਹਾਲ ਹੋ ਜਾਣ ’ਤੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਅੱਜ ਸਰਕਾਰ ਅਤੇ ਸਬੰਧਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਪਾਈਪਲਾਈਨ ਮੁਰੰਮਤ ਕਰਵਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਸੁਰਜੀਤ ਸਿੰਘ ਰਾਹੜ, ਰਾਕੇਸ਼ ਕੁਮਾਰ, ਅਮੀ ਲਾਲ, ਪਿੰਟੂ ਤੇ ਯੂਸਫ਼ ਖਾਨ ਆਦਿ ਨੇ ਦੱਸਿਆ ਕਿ ਕਰੋੜਾਂ ਰੁਪਏ ਲਗਾ ਕੇ ਸਰਕਾਰ ਵਲੋਂ ਇਹ ਪਾਈਪਲਾਈਨ ਪਾਈ ਗਈ ਸੀ ਪਰ ਇਸ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤੀ ਗਈ, ਜਿਸ ਕਾਰਨ ਇੱਕ ਸਾਲ ਦੇ ਬਾਅਦ ਹੀ ਇਹ ਪਾਈਪਲਾਈਨ ਥਾਂ-ਥਾਂ ਤੋਂ ਲੀਕ ਹੋ ਰਹੀ ਹੈ ਅਤੇ ਪਾਣੀ ਵਾਟਰ ਵਰਕਸ ਤੱਕ ਨਹੀਂ ਪਹੁੰਚ ਰਿਹਾ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਕੰਮ ਵਿੱਚ ਠੇਕੇਦਾਰ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਘਪਲੇਬਾਜ਼ੀ ਕੀਤੀ ਗਈ ਹੈ ਜਿਸ ਦੀ ਜਾਂਚ ਹੋਣੀ ਚਾਹਿਦੀ ਹੈ। ਐੱਸਡੀਓ ਰਾਮਰੱਖਾ ਨੇ ਦੋਸ਼ ਨਕਾਰਦਿਆਂ ਆਖਿਆ ਕਿ ਇੱਥੇ ਪੁਰਾਣੀ ਪਾਈਪਲਾਈਨ ਹੀ ਪਾਈ ਗਈ ਸੀ ਜਿਸ ਦੇ ਜੋੜ ਲੀਕ ਹੋ ਗਏ ਹਨ। ਇਨ੍ਹਾਂ ਨੂੰ ਛੇਤੀ ਦਰੁਸਤ ਕਰਵਾ ਦਿੱਤਾ ਜਾਵੇਗਾ।