ਰਮਨਦੀਪ ਸਿੰਘ
ਚਾਉਕੇ, 17 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਆਰਡੀਨੈਂਸ ਦੇ ਵਿਰੁੱਧ ਕੇਂਦਰ ਦੀ ਮੋਦੀ ਹਕੂਮਤ ਖ਼ਿਲਾਫ਼ ਪਿੰਡ ਰਾਮਪੁਰਾ ਵਿੱਚ ਮੀਟਿੰਗਾਂ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਦੱਸਿਆ ਕਿ ਕਿਸਾਨ ਮਾਰੂ ਖੇਤੀ ਆਰਡੀਨੈਂਸ ਖ਼ਿਲਾਫ਼ 25 ਤੋਂ 29 ਅਗਸਤ ਤੱਕ ਪੰਜਾਬ ਦੇ ਪਿੰਡਾਂ ਵਿੱਚ ਪਹੁੰਚਣ ਵਾਲੇ ਅਕਾਲੀ-ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਘਿਰਾਓ ਕਰਕੇ ਪਿੰਡਾਂ ਵਿੱਚ ਵੜਨ ਤੋਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਮੀਟਿੰਗ ਦੇ ਫੈਸਲੇ ਅਨੁਸਾਰ ਸੱਤਾਧਾਰੀ ਨੁਮਾਇੰਦਿਆਂ ਲਈ ਪਿੰਡਾਂ ਵਿੱਚ ਕੋਈ ਦਾਖਲਾ ਨਹੀਂ ਦੇ ਲਿਖਤੀ ਬੈਨਰ ਪਿੰਡਾਂ ਦੇ ਮੁੱਖ ਰਸਤਿਆਂ ’ਤੇ ਲਟਕਾ ਕੇ ਜਨਤਕ ਨਾਕਾਬੰਦੀ ਕੀਤੀ ਜਾਵੇਗੀ।
ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਭਗਤਾ ਭਾਈ: ਕੇਂਦਰ ਦੀ ਮੋਦੀ ਸਰਕਾਰ ਵਲੋਂ ਜਾਰੀ ਕਿਸਾਨ ਅਤੇ ਲੋਕ ਵਿਰੋਧੀ ਆਰਡੀਨੈਂਸਾਂ ਖ਼ਿਲਾਫ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਬਲਾਕ ਭਗਤਾ ਭਾਈ ਦੇ ਪਿੰਡਾਂ ਵਿਚ ਰੋਸ ਮਾਰਚ ਕਰਨ ਤੋਂ ਬਾਅਦ ਸ਼ਹਿਰ ਦੇ ਮੁੱਖ ਚੌਕ ਵਿਚ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਕਾਲਾ ਆਜ਼ਾਦੀ ਦਿਵਸ ਮਨਾਇਆ ਗਿਆ। ਯੂਨੀਅਨ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਭੂਤਾਂ ਵਾਲੇ ਖੂਹ ਉੱਪਰ ਜੁੜੇ ਇਕੱਠ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਤੀਰਥ ਰਾਮ ਸੇਲਬਰਾਹ, ਗੁਰਪ੍ਰੀਤ ਭਗਤਾ, ਗੁਰਮੇਲ ਸਿੰਘ ਜੰਡਾਂਵਾਲਾ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਹੁਣ ਕਰੋ ਜਾਂ ਮਰੋ ਦਾ ਸਮਾਂ ਆ ਗਿਆ ਹੈ ਅਤੇ ਆਪਣੀ ਹੋਂਦ ਬਚਾਉਣ ਲਈ ਤਿੱਖੇ ਸੰਘਰਸ਼ਾਂ ਦਾ ਅਖਤਿਆਰ ਕਰਨਾ ਹੀ ਪਵੇਗਾ। -ਪੱਤਰ ਪ੍ਰੇਰਕ
ਪਟਵਾਰੀਆਂ ਵੱਲੋਂ ਅੱਜ ਤੋਂ ਧਰਨਾ ਦੇਣ ਦਾ ਫ਼ੈਸਲਾ
ਫਾਜ਼ਿਲਕਾ (ਪੱਤਰ ਪ੍ਰੇਰਕ): ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫਾਜ਼ਿਲਕਾ ਦੀ ਮੀਟਿੰਗ ਅੱਜ ਇੱਥੇ ਹੋਈ। ਇਸ਼ ਵਿੱਚ ਸੁਭਾਸ਼ ਚੰਦਰ ਤਹਿਸੀਲ ਪ੍ਰਧਾਨ ਫਾਜ਼ਿਲਕਾ ਦੀ ਪ੍ਰਧਾਨਗੀ ‘ਚ ਮੰਗਾਂ ਸਬੰਧੀ ਮਤਾ ਪਾਸ ਕੀਤਾ ਗਿਆ ਅਤੇ 18 ਅਗਸਤ ਤੋਂ ਅਣਮਿੱਥੇ ਸਮੇਂ ਲਈ ਰੋਸ ਵਜੋਂ ਪਟਵਾਰ ਵਰਕਸ ਸਟੇਸ਼ਨ ਦੇ ਨਾਲ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ।ਇਸ ਮੌਕੇ ਇਕਠੇ ਹੋਏ ਪਟਵਾਰੀਆਂ ਨੇ ਮੰਗਾਂ ਸਬੰਧੀ ਨਾਅਰੇਬਾ਼ਜ਼ੀ ਕਰਕੇ ਰੋਸ ਪ੍ਰਦਸ਼ਨ ਵੀ ਕੀਤਾ।