ਪਰਮਜੀਤ ਸਿੰਘ
ਫਾਜ਼ਿਲਕਾ, 19 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਟਰੱਕ ਆਪ੍ਰੇਟਰਾਂ ਨੂੰ ਮਾਫ਼ੀਆ ਕਹੇ ਜਾਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਦੀ ਅਗਵਾਈ ਹੇਠ ਫਾਜ਼ਿਲਕਾ ਵਿੱਚ ਟਰੱਕ ਆਪ੍ਰੇਟਰਾਂ ਵੱਲੋਂ ਸਥਾਨਕ ਟਰੱਕ ਯੂਨੀਅਨ ਦੇ ਬਾਹਰ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਪਰਮਜੀਤ ਸਿੰਘ ਪੰਮਾ ਵੈਰੜ ਅਤੇ ਦਿਲਬਾਗ ਸਿੰਘ ਖਾਲਸਾ ਨੇ ਕਿਹਾ ਕਿ ਕੱਲ੍ਹ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜੋ ਬਿਆਨ ਆਇਆ ਹੈ ਕਿ ਟਰੱਕਾਂ ਵਾਲੇ ਮਾਫ਼ੀਆ ਹਨ ਅਤੇ ਇਹ 5 ਹਜ਼ਾਰ ਰੁਪਏ ਰੇਤ ਮਾਫ਼ੀਆ ਨੂੰ ਦਿੰਦੇ ਹਨ ਅਤੇ 20 ਹਜ਼ਾਰ ਰੁਪਏ ਆਪਣੀ ਜੇਬ ’ਚ ਪਾਉਂਦੇ ਹਨ, ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਰੋਜ਼ ਸੁੱਤਾ ਉੱਠ ਕੇ ਕੋਈ ਨਾ ਕੋਈ ਰੰਗ-ਬਿਰੰਗਾ ਬਿਆਨ ਦੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਹੜ੍ਹ ਆ ਜਾਵੇ, ਕੋਈ ਮਹਾਮਾਰੀ ਆ ਜਾਵੇ, ਕੋਈ ਵੀ ਕੁਦਰਤੀ ਆਫ਼ਤ ਆ ਜਾਵੇ ਜਾਂ ਬਾਰਡਰ ’ਤੇ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਇਹ ਟਰੱਕਾਂ ਵਾਲੇ ਆਪਣੇ ਟਰੱਕ ਭੇਜਦੇ ਹਨ, ਪਰ ਸਿੱਧੂ ਵੱਲੋਂ ਉਨ੍ਹਾਂ ਨੂੰ ਮਾਫ਼ੀਆ ਦੱਸਿਆ ਜਾਣਾ ਮੰਦਭਾਗਾ ਹੈ।