ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 23 ਦਸੰਬਰ
ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸਿਆਸੀ ਭੂਚਾਲ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਪਿਛਲੇ ਦਿਨੀਂ ਸਾਬਕਾ ਮਾਲ ਮੰਤਰੀ ਤੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ’ਤੇ ਇਲਜ਼ਾਮ ਲਾਉਂਦਿਆਂ ਉਸ ਦੇ ਸਬੰਧ ਖਾੜਕੂਆਂ ਨਾਲ ਹੋਣ ਦੀ ਗੱਲ ਕਹੀ ਸੀ। ਇਸਦਾ ਜਵਾਬ ਦਿੰਦਿਆਂ ਹਲਕਾ ਇੰਚਾਰਜ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੋ ਝੂਠਾ ਇਲਜ਼ਾਮ ਵਿਧਾਇਕ ਕਾਂਗੜ ਲਾਇਆ, ਉਸ ਦੇ ਸਬੂਤ ਲੈ ਕੇ ਆਵੇ ਤੇ ਮੀਡੀਆ ਸਾਹਮਣੇ ਪੇਸ਼ ਕਰੇ ਨਹੀਂ ਤਾਂ ਫੇਰ ਹਾਈਕੋਰਟ ਦੀਆਂ ਪੌੜ੍ਹੀਆਂ ਚੜ੍ਹਨ ਲਈ ਤਿਆਰ ਰਹੇ। ਕਾਂਗੜ ਨੂੰ ਵੰਗਾਰਦਿਆਂ ਸਿੱਧੂ ਨੇ ਕਿਹਾ ਕਿ ਜੇ ਕਾਂਗੜ ਸਹੀ ਹੈ ਤਾਂ ਜਨਤਾ ਦੇ ਸਾਹਮਣੇ ਜਾਂ ਕਿਸੇ ਚੈਨਲ ’ਤੇ ਖੁੱਲ੍ਹੀ ਬਹਿਸ ਰੱਖ ਲਵੇ ਤੇ ਉਹ ਮੇਰੇ ਪ੍ਰਤੀ ਸਾਰੇ ਸਬੂਤ ਲੈ ਕੇ ਆਵੇ। ਸਿੱਧੂ ਨੇ ਕਾਂਗੜ ਨੂੰ ਇਹ ਵੀ ਚੈਲੰਜ ਕੀਤਾ ਕਿ ਦੁਨੀਆਂ ਭਰ ’ਚ ਉਸਦੇ ਖ਼ਿਲਾਫ਼ ਕੋਈ ਵੀ ਐੱਫਆਈਆਰ ਕਿਸੇ ਵੀ ਥਾਣੇ ਵਿੱਚ ਹੋਈ ਹੋਵੇ ਤਾਂ ਲੈ ਕੇ ਆਵੇ ਨਹੀਂ ਤਾਂ ਜਨਤਕ ਤੌਰ ’ਤੇ ਮੁਆਫ਼ੀ ਮੰਗੇ।
ਸਿੱਧੂ ਨੇ ਕਿਹਾ ਕਿ ਕਾਂਗੜ ਨੇ ਟਕਸਾਲੀ ਕਾਂਗਰਸੀਆਂ ਨੂੰ ਖੂੰਜੇ ਲਾਇਆ ਤੇ ਅਕਾਲੀ ਦਲ ਦੇ ਆਗੂਆਂਂ ਨੂੰ ਚੌਧਰਾਂ ਦਿੱਤੀਆਂਂ, ਜਿਸ ਦੇ ਨਤੀਜੇ ਆਉਣ ਵਾਲੀਆਂ ਚੋਣਾਂ ਵੇਲੇ ਭੁਗਤਣੇ ਪੈਣਗੇ।