ਪੱਤਰ ਪ੍ਰੇਰਕ
ਮਾਨਸਾ, 11 ਅਪਰੈਲ
ਮਾਨਸਾ ਸ਼ਹਿਰ ਵਿੱਚ ਸਿਆਸੀ ਤਬਦੀਲੀ ਮਗਰੋਂ ਵੀ ਸਫ਼ਾਈ ਦਾ ਮਾੜਾ ਹਾਲ ਹੈ। ਜਿਹੜੇ ਸ਼ਹਿਰ ’ਚ ਪਹਿਲਾਂ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ’ਤੇ ਫਿਰਦਾ ਸੀ, ਉਥੇ ਹੁਣ ਵੀ ਉਹੀ ਹਾਲ ਹੈ। ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ।ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਕਾਰਜ ਸਾਧਕ ਅਫ਼ਸਰ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਹਿਰ ਦੀ ਸਫ਼ਾਈ ਤੇ ਲੋਕ ਸਹੂਲਤਾਂ ਦੇ ਮੁੱਢਲੇ ਪ੍ਰਬੰਧ ਤੁਰੰਤ ਦਰੁਸਤ ਕਰਨ ਦੇ ਦਿੱਤੇ ਗਏ ਹੁਕਮਾਂ ਨੂੰ ਅਜੇ ਤੱਕ ਕਿਧਰੇ ਲਾਗੂ ਹੋਣ ਵਾਲੀ ਸਥਿਤੀ ਵਿੱਚ ਨਹੀਂ ਵੇਖਿਆ ਗਿਆ।
ਸ਼ਹਿਰ ਵਿੱਚ ਸਫ਼ਾਈ ਦੇ ਮਾੜੇ ਹਾਲ ਨੂੰ ਲੈ ਕੇ ਅੱਜ ਦੁਖੀ ਹੋਏ ਲੋਕ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਸੜਕਾਂ ਉਤੇ ਫਿਰਦੇ ਸੀਵਰੇਜ ਦੇ ਪਾਣੀ ਦੇ ਵਿਰੋਧ ਵਿੱਚ ਇਕੱਤਰ ਹੋਏ। ਵਾਰਡ ਨੰ. 27 ਦੇ ਵਸਨੀਕ ਐਡਵੋਕੇਟ ਬਲਕਰਨ ਸਿੰਘ ਬੱਲੀ, ਡਾ. ਰਵਿੰਦਰ ਸਿੰਘ ਬਰਾੜ ਤੇ ਡਾ. ਸੁਖਦੇਵ ਸਿੰਘ ਡੁਮੇਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਤਿੰਨਕੋਣੀ ਵਾਲਾ ਸੀਵਰੇਜ ਬੰਦ ਵਰਗਾ ਰਹਿੰਦਾ ਹੈ, ਜਿਸ ਕਾਰਨ ਤਿੰਨਕੋਣੀ ਤੇ ਸੀਵਰੇਜ ਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ, ਜਿੱਥੇ ਆਸੇ-ਪਾਸੇ ਬਦਬੂ ਫੈਲ ਰਹੀ ਹੈ, ਉਥੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਗਰਿੱਡ ਕੋਲ ਬਣਾਏ ਰੀਚਾਰਜ ਪੁਆਇੰਟ ’ਚ ਵੀ ਸੀਵਰੇਜ ਦਾ ਪਾਣੀ ਪੈ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਗੰਦਾ ਹੋ ਰਿਹਾ ਹੈ। ਕੌਂਸਲਰ ਪ੍ਰਵੀਨ ਟੋਨੀ ਤੇ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਸ਼ਹਿਰ ’ਚ ਸਾਫ-ਸਫ਼ਾਈ ਦਾ ਬੁਰਾ ਹਾਲ ਹੈ ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਗੇਟ ਅਤੇ ਬਿਜਲੀ ਗਰਿੱਡ ਦੀ ਪਿਛਲੀ ਕੰਧ ਕੋਲ ਕੂੜੇ ਦੇ ਡੰਪ ਬਣ ਗਏ ਹਨ।