ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 20 ਅਗਸਤ
ਇੱਥੋਂ ਦੀ ਡੇਰਾ ਸੱਚਾ ਸੌਦਾ ਕਲੋਨੀ ਵਿੱਚ ਸੀਵਰੇਜ ਓਵਰਫਲੋਅ ਹੋਣ ਕਾਰਨ ਦੂੁਸ਼ਿਤ ਪਾਣੀ ਗਲੀਆਂ ਵਿੱਚ ਭਰ ਗਿਆ, ਜਿਸ ਖ਼ਿਲਾਫ਼ ਮੁਹੱਲਾ ਵਾਸੀਆਂ ਨੇ ਪ੍ਰਦਰਸ਼ਨ ਕੀਤਾ। ਮੁਹੱਲਾ ਵਾਸੀਆਂ ਮੁਕੇਸ਼ ਕੁਮਾਰ, ਸੁਰਿੰਦਰ ਕੁਮਾਰ, ਚਮੇਲੀ ਦੇਵੀ, ਕ੍ਰਿਸ਼ਨਾ ਦੇਵੀ, ਕ੍ਰਿਸ਼ਨ ਕੁਮਾਰ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੀਵਰੇਜ ਓਵਰਫਲੋਅ ਹੋ ਚੁੱਕਿਆ ਹੈ ਅਤੇ ਸ਼ਿਕਾਇਤ ਕਰਨ ’ਤੇ ਸਫ਼ਾਈ ਕਰਮਚਾਰੀ ਪਾਈਪਾਂ ਸਾਫ਼ ਕਰਕੇ ਚਲੇ ਜਾਂਦੇ ਹਨ ਪਰ ਥੋੜੇ ਦਿਨਾਂ ਬਾਅਦ ਹਾਲਾਤ ਮੁੜ ਪਹਿਲਾਂ ਵਰਗੇ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਲੀਆਂ ਵਿੱਚ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਬਾਜ਼ਾਰ ਅਤੇ ਹੋਰ ਕੰਮਾਂ-ਕਾਰਾਂ ਲਈ ਜਾਣਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਕੂਲ ਜਾਂਦੇ ਬੱਚਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਗੰਦੇ ਪਾਣੀ ’ਤੇ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਕਾਰਨ ਬਿਮਾਰੀਆਂ ਫ਼ੈਲਣ ਦਾ ਡਰ ਵੀ ਬਣਿਆ ਹੋਇਆ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ, ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਨੂੰ ਮਿਲ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਆਉਂਦੇ ਦਿਨਾਂ ਵਿੱਚ ਫਾਜ਼ਿਲਕਾ-ਮਲੋਟ ਮਾਰਗ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।